ਜੇਕਰ ਬੱਚਿਆਂ ‘ਤੇ ਕੋਈ ਸੰਕਟ ਆ ਜਾਵੇ ਤਾਂ ਪਿਤਾ ਲੋਕ ਸ਼ਰਮ ਦੀ ਹੱਦ ਨੂੰ ਛੱਡ ਕੇ ਉਨ੍ਹਾਂ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਸ਼ਾਇਦ ਇਹੀ ਕਾਰਨ ਹੈ, ਜਿਸ ਕਰਕੇ ਇਕ ਪਿਤਾ ਨੇ ਖੁਦ ਹੀ ਦਰਦ ਨਾਲ ਰੋਂਦੀ ਬਿਲਖਦੀ ਨਾਬਾਲਗ ਧੀ ਦਾ ਜਣੇਪਾ ਕਰਵਾਇਆ।
ਮਾਮਲਾ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲੇ ਦੇ ਕੁਮਾਰਡੰਗੀ ਬਲਾਕ ਇਲਾਕੇ ਦਾ ਹੈ। ਜਿੱਥੇ ਜਬਰ ਜਨਾਹ ਦੀ ਸ਼ਿਕਾਰ ਨਾਬਾਲਗ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ। ਖਬਰਾਂ ਮੁਤਾਬਕ ਮੰਗਲਵਾਰ ਰਾਤ 11 ਵਜੇ ਨਾਬਾਲਿਗਾ ਨੂੰ ਦਰਦ ਹੋਣ ਲੱਗਾ। ਇਸ ਤੋਂ ਬਾਅਦ ਉਹ ਦਰਦ ਨਾਲ ਕੁਰਲਾਉਣ ਲੱਗੀ। ਜਣੇਪੇ ਤੋਂ ਪੀੜਤ ਲੜਕੀ ਦੀ ਮਦਦ ਲਈ ਆਸ-ਪਾਸ ਤੋਂ ਕੋਈ ਨਹੀਂ ਆਇਆ। ਇਸ ਤੋਂ ਬਾਅਦ ਪਿਤਾ ਨੂੰ ਆਪਣੀ ਧੀ ਦੀ ਡਿਲੀਵਰੀ ਕਰਨ ਲਈ ਮਜਬੂਰ ਹੋਣਾ ਪਿਆ।

ਜਦੋਂ ਪੀੜਤਾ ਨੂੰ ਜਣੇਪੇ ਦਾ ਦਰਦ ਹੋਇਆ ਤਾਂ ਘਰ ਵਿੱਚ ਕੋਈ ਨਹੀਂ ਸੀ। ਫਿਰ ਪੀੜਤਾ ਦੇ ਪਿਤਾ ਨੇ ਪਿੰਡ ਦੇ ਕੁਝ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਕਿਉਂਕਿ ਨਾਬਾਲਗ ਬਲਾਤਕਾਰ ਦਾ ਸ਼ਿਕਾਰ ਸੀ। ਮਦਦ ਮੰਗਣ ‘ਤੇ ਵੀ ਜਦੋਂ ਪਿੰਡ ਦਾ ਕੋਈ ਵੀ ਪੀੜਤ ਲੜਕੀ ਦੀ ਮਦਦ ਲਈ ਅੱਗੇ ਨਾ ਆਇਆ ਤਾਂ ਰਾਤ ਕਰੀਬ ਦੋ ਵਜੇ ਪਿਤਾ ਨੇ ਦਰਦ ਨਾਲ ਚੀਕ ਰਹੀ ਧੀ ਦਾ ਜਣੇਪਾ ਕਰਵਾਇਆ। ਰਾਤ ਦੋ ਵਜੇ ਨਾਬਾਲਿਗਾ ਨੇ ਬੱਚੇ ਨੂੰ ਜਨਮ ਦਿੱਤਾ। ਇਹ ਕਲਪਨਾ ਕਰਨਾ ਵੀ ਮੁਸ਼ਕਲ ਹੈ ਕਿ ਇੱਕ ਪਿਤਾ ਲਈ ਆਪਣੀ ਧੀ ਦਾ ਜਣੇਪਾ ਕਰਵਾਉਣਾ ਕਿੰਨਾ ਔਖਾ ਹੋਇਆ ਹੋਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਪਿਤਾ ਨੇ ਦੱਸਿਆ ਕਿ ਬੱਚੇ ਦੇ ਜਨਮ ਤੋਂ ਬਾਅਦ ਵੀ ਮਾਂ ਅਤੇ ਬੱਚੇ ਦਾ ਨਾੜੂ ਕਰੀਬ 14 ਘੰਟੇ ਤੱਕ ਜੁੜਿਆ ਰਿਹਾ। ਇਸ ਤੋਂ ਬਾਅਦ ਕਿਸੇ ਤਰ੍ਹਾਂ ਹਿੰਮਤ ਕਰਕੇ ਪਿਤਾ ਨੇ ਨਾੜੂ ਕੱਟਿਆ। ਹਾਲਾਂਕਿ ਇਸ ਮਾਮਲੇ ‘ਚ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਹੋਈ ਹੈ। ਪਿਤਾ ਵੱਲੋਂ ਐਫਆਈਆਰ ਦਰਜ ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮਾਮਲੇ ਦੇ 24 ਘੰਟੇ ਬਾਅਦ ਮੀਡੀਆ ‘ਚ ਰਿਪੋਰਟ ਆਉਣ ਤੋਂ ਬਾਅਦ ਪੀੜਤਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸਥਾਨਕ ਥਾਣਾ ਇੰਚਾਰਜ ਟਿੰਕੂ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਇਸ ਮਾਮਲੇ ਸਬੰਧੀ ਥਾਣਾ ਸਦਰ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਜੇਕਰ ਉਨ੍ਹਾਂ ਕੋਲ ਸ਼ਿਕਾਇਤ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਿਤਾ ਦਾ ਕਹਿਣਾ ਹੈ ਕਿ ਬਲਾਤਕਾਰ ਦਾ ਦੋਸ਼ੀ ਅਜੇ ਵੀ ਘੁੰਮ ਰਿਹਾ ਹੈ। ਜਦੋਂ ਇਸ ਮਾਮਲੇ ਵਿੱਚ ਝਾਰਖੰਡ ਦੀ ਮਹਿਲਾ ਕਲਿਆਣ ਮੰਤਰੀ ਜੋਬਾ ਮਾਂਝੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਪੱਛਮੀ ਸਿੰਘਭੂਮ ਮੰਤਰੀ ਦਾ ਗ੍ਰਹਿ ਜ਼ਿਲ੍ਹਾ ਹੈ।
ਇਸ ਦੇ ਨਾਲ ਹੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਨੰਨਿਆ ਮਿੱਤਲ ਨੇ ਦੱਸਿਆ ਕਿ ਪੀੜਤਾ ਨੂੰ ਫਿਲਹਾਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਵੀ ਦੱਸਿਆ ਕਿ ਇਸ ਮਾਮਲੇ ਵਿੱਚ ਪਿਤਾ ਦੀ ਤਰਫੋਂ ਐਫਆਈਆਰ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਰ ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ‘ਚ ਕਦੇ ਅਦਾਲਤ ਨਹੀਂ ਦੇਖੀ। ਉਨ੍ਹਾਂ ਨੂੰ ਅਦਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਿਤਾ ਦਾ ਕਹਿਣਾ ਹੈ ਕਿ ਜਿਸ ਨੇ ਉਸ ਦੀ ਧੀ ਨਾਲ ਬਲਾਤਕਾਰ ਕੀਤਾ ਹੈ, ਉਹ ਉਸ ਦੀ ਧੀ ਦਾ ਵਿਆਹ ਕਰ ਲਵੇ। ਹਾਲਾਂਕਿ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਦੋਸ਼ੀ ਨੌਜਵਾਨ ਪਹਿਲਾਂ ਹੀ ਵਿਆਹਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
