ਅੱਜ ਕੱਲ੍ਹ ਖਰਾਬ ਜੀਵਨਸ਼ੈਲੀ ਤੇ ਅਸੰਤੁਲਿਤ ਭੋਜਨ ਕਰਕੇ ਹਾਈ ਯੂਰਿਕ ਐਸਿਡ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਜੇਕਰ ਇਸ ਨੂੰ ਸਮੇਂ ਰਹਿੰਦਿਆਂ ਕੰਟਰੋਲ ਨਾ ਕੀਤਾ ਜਾਵੇ ਤਾਂ ਗਠੀਆ, ਜੋੜਾਂ ਵਿਚ ਸੋਜਿਸ਼ ਤੇ ਦਰਦ ਵਰਗੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣ ਸਕਦੀਆਂ ਹਨ। ਅਜਿਹੇ ਵਿਚ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ। ਇਕ ਅਜਿਹਾ ਹੀ ਸਵਾਲ ਅਕਸਰ ਉਠਦਾ ਹੈ ਕਿ ਕੀ ਹਾਈ ਯੂਰਿਕ ਐਸਿਡ ਵਿਚ ਮਖਾਣਾ ਖਾਣਾ ਸੁਰੱਖਿਅਤ ਹੈ?
ਮਖਾਣਾ ਜਿਸ ਨੂੰ ਫਾਕਸ ਨਟਸ ਜਾਂ ਕਮਲ ਦੇ ਬੀਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਲਕਾ, ਪੌਸ਼ਟਿਕ ਤੇ ਲੋਅ ਪਿਊਰਿਨ ਸਨੈਕ ਹੈ। ਕਿਉਂਕਿ ਹਾਈ ਯੂਰਿਕ ਐਸਿਡ ਵਿਚ ਅਜਿਹੇ ਖਾਧ ਪਦਾਰਥਾਂ ਤੋਂ ਬਚਣਾ ਚਾਹੀਦਾ ਹੈ ਜਿਨ੍ਹਾਂ ਵਿਚ ਪਿਊਰਿਨ ਦੀ ਮਾਤਰਾ ਵਧ ਹੋਵੇ, ਇਸ ਲਈ ਮਖਾਣਾ ਇਕ ਬੇਹਤਰ ਬਦਲ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਪਿਊਰਿਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਮਖਾਣਾ ਫਾਈਬਰ, ਐਂਟੀ ਆਕਸੀਡੈਂਟ,ਕੈਲਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਦੀ ਸੋਜਿਸ਼ ਨੂੰ ਘੱਟ ਕਰਨ ਵਿਚ ਸਹਾਇਕ ਹੋ ਸਕਦੇ ਹਨ।
ਮਖਾਣੇ ਦਾ ਸੇਵਨ ਹਾਈ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਉਦੋਂ ਤੱਕ ਸੁਰੱਖਿਅਤ ਮੰਨਿਆ ਜਾਂਦਾ ਹੈ ਜਦੋਂ ਤੱਕ ਇਸ ਨੂੰ ਸੀਮਤ ਮਾਤਰਾ ਵਿਚ ਤੇ ਬਿਨਾਂ ਜ਼ਿਆਦਾ ਨਮਕ ਜਾਂ ਘਿਓ ਦੇ ਸੇਵਨ ਤੋਂ ਕੀਤਾ ਜਾਵੇ। ਉਬਲੇ ਜਾਂ ਹਲਕੇ ਭੁੰਨੇ ਮਖਾਣੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਹ ਨਾ ਸਿਰਫ ਪੇਟ ਨੂੰ ਹਲਕਾ ਰੱਖਦੇ ਹਨ ਸਗੋਂ ਭਾਰ ਕੰਟਰੋਲ ਤੇ ਬਲੱਡ ਸ਼ੂਗਰ ਨੂੰ ਵੀ ਸੰਤੁਲਿਤ ਰੱਖਣ ਵਿਚ ਮਦਦ ਕਰਦੇ ਹਨ ਜੋ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿਚ ਸਹਾਇਕ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਪੁੱਤ ਨੇ ਵਧਾਇਆ ਮਾਣ, 11 ਸਾਲਾਂ ਦੀ ਮਿਹਨਤ ਮਗਰੋਂ ਭਾਰਤੀ ਫੌਜ ‘ਚ ਬਣਿਆ ਲੈਫਟੀਨੈਂਟ
ਹਾਲਾਂਕਿ ਬਾਜ਼ਾਰ ਵਿਚ ਮਿਲਣ ਵਾਲੇ ਪ੍ਰੋਸੈਸਡ ਜਾਂ ਮਸਾਲੇਦਾਰ ਮਖਾਣਿਆਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿਚ ਨਮਕ, ਤੇਲ ਦੀ ਮਾਤਰਾ ਵਧ ਹੁੰਦੀ ਹੈ ਜੋ ਸਰੀਰ ਵਿਚ ਸੋਜਿਸ਼ ਨੂੰ ਵਧਾ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਕਿਡਨੀ ਦੀ ਬੀਮਾਰੀ ਤੋਂ ਪੀੜਤ ਹੈ ਤਾਂ ਮਖਾਣਾ ਵੀ ਸੀਮਤ ਮਾਤਰਾ ਵਿਚ ਤੇ ਡਾਕਟਰ ਦੀ ਸਲਾਹ ਨਾਲ ਹੀ ਖਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: