ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਬਿਆਨਬਾਜ਼ੀ ਸ਼ੁਰੂ ਹੋ ਗਈ। ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਪੀਪੀਪੀ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸਿੰਧੂ ਜਲ ਸੰਧੀ ਨੂੰ ਲੈ ਕੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ। ਭੁੱਟੋ ਦਾ ਕਹਿਣਾ ਹੈ ਕਿ ਸਿੰਧੂ ਦਰਿਆ ਪਾਕਿਸਤਾਨ ਦਾ ਹੈ ਅਤੇ ਜੇ ਭਾਰਤ ਨੇ ਇਸ ਦਾ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।
ਇੱਕ ਰੈਲੀ ਵਿੱਚ ਪਾਕਿਸਤਾਨ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਪੀਪੀਪੀ ਮੁਖੀ ਨੇ ਕਿਹਾ, “ਸਿੰਧੂ ਦਰਿਆ ਦੇ ਨੇੜੇ ਖੜ੍ਹੇ ਹੋ ਕੇ, ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਿੰਧੂ ਦਰਿਆ ਸਾਡਾ ਸੀ, ਸਾਡਾ ਹੈ ਅਤੇ ਸਾਡਾ ਰਹੇਗਾ… ਜਾਂ ਤਾਂ ਇਸ ਦਰਿਆ ਦਾ ਪਾਣੀ ਵਹੇਗਾ ਜਾਂ ਫਿਰ ਉਨ੍ਹਾਂ ਲੋਕਾਂ ਦਾ ਖੂਨ ਜੋ ਸਾਡੇ ਤੋਂ ਸਾਡਾ ਦਰਿਆ ਖੋਹਣਾ ਚਾਹੁੰਦੇ ਹਨ।”
ਬਿਲਾਵਲ ਭੁੱਟੋ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਸਮਝੌਤਾ ਹੋਇਆ ਹੈ। ਇਸ ਸਮਝੌਤੇ ਵਿੱਚ ਭਾਰਤ ਨੇ ਕਿਹਾ ਹੈ ਕਿ ਸਿੰਧੂ ਦਰਿਆ ਪਾਕਿਸਤਾਨ ਦਾ ਹੈ। ਅੱਜ ਮੋਦੀ ਕਹਿ ਰਹੇ ਹਨ ਕਿ ਅਸੀਂ ਇਸ ਸਮਝੌਤੇ ਨੂੰ ਸਵੀਕਾਰ ਨਹੀਂ ਕਰਦੇ। ਇਹ ਨਹੀਂ ਹੋ ਸਕਦਾ। ਇਸ ਨੂੰ ਕੋਈ ਸਵੀਕਾਰ ਨਹੀਂ ਕਰੇਗਾ। ਪਾਕਿਸਤਾਨ ਦੇ ਲੋਕ ਇਸ ਨਾਲ ਸਹਿਮਤ ਨਹੀਂ ਹੋਣਗੇ ਅਤੇ ਨਾ ਹੀ ਭਾਰਤ ਦੇ ਲੋਕ ਸਾਡੇ ‘ਤੇ ਕੀਤੇ ਜਾ ਰਹੇ ਇਸ ਅੱਤਿਆਚਾਰ ਨੂੰ ਬਰਦਾਸ਼ਤ ਕਰਨਗੇ।
ਪਾਕਿਸਤਾਨੀ ਨੇਤਾ ਨੇ ਭਾਰਤ ‘ਤੇ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ‘ਤੇ ਥੋਪਣ ਦਾ ਦੋਸ਼ ਲਗਾਇਆ ਹੈ। ਭੁੱਟੋ ਨੇ ਕਿਹਾ ਕਿ ਕਸ਼ਮੀਰ ‘ਚ ਅੱਤਵਾਦੀ ਹਮਲਾ ਹੋਇਆ ਹੈ। ਅਸੀਂ ਸਾਰਿਆਂ ਨੇ ਉਸ ਦੀ ਨਿੰਦਾ ਕੀਤੀ ਹੈ। ਅਸੀਂ ਇੱਥੋਂ ਤੱਕ ਕਿਹਾ ਕਿ ਪਾਕਿਸਤਾਨ ਖੁਦ ਅੱਤਵਾਦ ਤੋਂ ਪੀੜਤ ਹੈ ਪਰ ਭਾਰਤ ਨੇ ਇਸ ਲਈ ਸਾਡੇ ‘ਤੇ ਦੋਸ਼ ਲਗਾਇਆ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਹਾਡੀ ਆਬਾਦੀ ਜ਼ਿਆਦਾ ਹੈ ਅਤੇ ਤੁਸੀਂ ਵੱਡਾ ਦੇਸ਼ ਹੋ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਆਪਣੀ ਮਰਜ਼ੀ ਮੁਤਾਬਕ ਕੋਈ ਵੀ ਫੈਸਲਾ ਲਓਗੇ। ਪਾਕਿਸਤਾਨ ਦੇ ਲੋਕ ਗੈਰਤਮੰਦ ਅਤੇ ਬਹਾਦਰ ਹਨ ਅਤੇ ਉਹ ਆਪਣੇ ਅਧਿਕਾਰਾਂ ਦੀ ਰੱਖਿਆ ਕਰਨਾ ਜਾਣਦੇ ਹਨ।
ਬਿਲਾਵਲ ਭੁੱਟੋ ਨੇ ਕਿਹਾ ਕਿ ਪੀਐਮ ਮੋਦੀ ਜਿੱਥੇ ਵੀ ਜਾਂਦੇ ਹਨ, ਉਹ ਆਪਣੇ ਆਪ ਨੂੰ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਨਾਲ ਸਬੰਧਤ ਦੱਸਦੇ ਹਨ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਅਸੀਂ ਜਿੱਥੇ ਖੜ੍ਹੇ ਹਾਂ, ਉੱਥੇ ਹੀ ਸਿੰਧੂ ਘਾਟੀ ਦੀ ਸੱਭਿਅਤਾ ਦਾ ਜਨਮ ਹੋਇਆ ਸੀ। ਅਸੀਂ ਇਸ ਸੱਭਿਅਤਾ ਦੇ ਅਸਲੀ ਵਾਰਸ ਹਾਂ। ਅਸੀਂ ਇਸ ਦਰਿਆ ਦੇ ਅਸਲੀ ਵਾਰਸ ਹਾਂ।
ਇਹ ਵੀ ਪੜ੍ਹੋ : ਪਹਿਲਗਾਮ ਹ.ਮਲੇ ‘ਚ ਸ਼ਹੀਦ ਹੋਏ ਵਿਨੈ ਨਰਵਾਲ ਦੇ ਘਰ ਪਹੁੰਚੇ ਮਨਕੀਰਤ ਔਲਖ, ਪਰਿਵਾਰ ਨੂੰ ਦਿੱਤਾ ਦਿਲਾਸਾ
ਸ਼ਾਹਬਾਜ਼ ਸ਼ਰੀਫ਼ ਦੇ ਨਾਲ ਪਾਕਿਸਤਾਨੀ ਪੰਜਾਬ ਵਿੱਚ ਸਰਕਾਰ ਚਲਾ ਰਹੇ ਭੁੱਟੋ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਸ਼ਰੀਫ਼ ਨੂੰ ਦੱਸਣਾ ਚਾਹੁੰਦਾ ਹਾਂ ਕਿ ਸ਼ਾਇਦ ਸੂਬੇ ਦੇ ਮੁੱਦਿਆਂ ‘ਤੇ ਸਾਡੀ ਸੋਚ ਇੱਕੋ ਜਿਹੀ ਨਾ ਹੋਵੇ ਪਰ ਅਸੀਂ ਪਾਕਿਸਤਾਨ ਦੇ ਹੱਕਾਂ ਲਈ ਉਨ੍ਹਾਂ ਦੇ ਫ਼ੈਸਲੇ ਦੇ ਨਾਲ ਹਾਂ।
ਵੀਡੀਓ ਲਈ ਕਲਿੱਕ ਕਰੋ -:
