ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਪ੍ਰਸ਼ਾਸਨ ‘ਚ ਵੱਡੇ ਪੱਧਰ ‘ਤੇ ਬਦਲਾਅ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਆਪਣੇ ਉਦਘਾਟਨੀ ਭਾਸ਼ਣ ਵਿੱਚ ਐਲਾਨ ਕੀਤਾ ਕਿ ਅੱਜ ਅਮਰੀਕਾ ਦਾ ‘ਸੁਨਹਿਰੀ ਯੁੱਗ’ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਦੇਸ਼ ਮੁੜ ਪ੍ਰਫੁੱਲਤ ਹੋਵੇਗਾ ਅਤੇ ਵਿਸ਼ਵ ਪੱਧਰ ‘ਤੇ ਮਾਣ-ਸਨਮਾਨ ਹਾਸਲ ਕਰੇਗਾ।
ਆਪਣੇ ਭਾਵੁਕ ਭਾਸ਼ਣ ਵਿੱਚ, 78 ਸਾਲਾ ਟਰੰਪ ਨੇ ਅਗਲੇ ਚਾਰ ਸਾਲਾਂ ਲਈ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਟਰੰਪ ਨੇ 20 ਜਨਵਰੀ ਨੂੰ “ਮੁਕਤੀ ਦਿਵਸ” ਘੋਸ਼ਿਤ ਕੀਤਾ ਅਤੇ ਕਿਹਾ ਕਿ ਅਮਰੀਕੀ ਪਤਨ ਦਾ ਦੌਰ ਖਤਮ ਹੋ ਗਿਆ ਹੈ, ਅਤੇ ਹੁਣ ਦੇਸ਼ “ਬਹੁਤ ਤੇਜ਼ੀ ਨਾਲ” ਸੁਧਾਰਾਂ ਵੱਲ ਵਧੇਗਾ। ਟਰੰਪ ਨੇ ਵਾਅਦਾ ਕੀਤਾ ਕਿ ਉਹ ਅਜਿਹਾ ਅਮਰੀਕਾ ਬਣਾਉਣਗੇ ਜਿਸ ਤੋਂ ਦੂਜੇ ਦੇਸ਼ ਈਰਖਾ ਮਹਿਸੂਸ ਕਰਨਗੇ ਅਤੇ ਅਮਰੀਕਾ ਹੁਣ ਦੂਜੇ ਦੇਸ਼ਾਂ ਨੂੰ ਆਪਣੇ ਫਾਇਦੇ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ। ਆਓ ਉਸਦੇ 10 ਪ੍ਰਮੁੱਖ ਫੈਸਲਿਆਂ ਅਤੇ ਉਹਨਾਂ ਦੇ ਸੰਭਾਵੀ ਪ੍ਰਭਾਵਾਂ ‘ਤੇ ਇੱਕ ਨਜ਼ਰ ਮਾਰੀਏ।
1. WHO ਤੋਂ ਵੱਖ ਹੋਣਾ
ਰਾਸ਼ਟਰਪਤੀ ਟਰੰਪ ਨੇ ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ (WHO) ਤੋਂ ਵੱਖ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਅਮਰੀਕਾ ਤੋਂ WHO ਦੀ ਫੰਡਿੰਗ ਬੰਦ ਹੋ ਜਾਵੇਗੀ, ਜਿਸ ਨਾਲ WHO ਦੀਆਂ ਗਲੋਬਲ ਯੋਜਨਾਵਾਂ ਪ੍ਰਭਾਵਿਤ ਹੋਣਗੀਆਂ। ਟਰੰਪ ਨੇ ਜਲਵਾਯੂ ਪਰਿਵਰਤਨ ‘ਤੇ ਪੈਰਿਸ ਸਮਝੌਤੇ ਤੋਂ ਵੀ ਅਮਰੀਕਾ ਨੂੰ ਵੱਖ ਕਰ ਦਿੱਤਾ ਹੈ, ਇਸ ਨੂੰ ਗਲਤ ਅਤੇ ਇਕਤਰਫ਼ਾ ਦੱਸਿਆ ਹੈ।
2. ਪ੍ਰਗਟਾਵੇ ਦੀ ਆਜ਼ਾਦੀ
ਟਰੰਪ ਨੇ ਅਹੁਦਾ ਸੰਭਾਲਦੇ ਹੀ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕੀਤਾ। ਉਸਨੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਜਿਸ ਵਿੱਚ ਸਰਕਾਰੀ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਅਮਰੀਕੀ ਨਾਗਰਿਕਾਂ ਦੀ ਬੋਲਣ ਦੀ ਆਜ਼ਾਦੀ ਦੀ ਉਲੰਘਣਾ ਨਾ ਕਰਨ। ਇਹ ਹੁਕਮ ਫੈਡਰਲ ਸਰਕਾਰ ਵੱਲੋਂ ਸੈਂਸਰਸ਼ਿਪ ਨੂੰ ਖਤਮ ਕਰਨ ਦੇ ਉਦੇਸ਼ ਨਾਲ ਲਿਆਂਦਾ ਗਿਆ ਹੈ।
3. ਰੂਸ-ਯੂਕਰੇਨ ਸੰਘਰਸ਼
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਬਾਰੇ ਟਰੰਪ ਨੇ ਕਿਹਾ ਕਿ ਉਹ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਹ ਪਹਿਲੇ ਰਾਸ਼ਟਰਪਤੀ ਹੁੰਦੇ ਤਾਂ ਇਹ ਜੰਗ ਕਦੇ ਸ਼ੁਰੂ ਨਾ ਹੁੰਦੀ।
4. ਬ੍ਰਿਕਸ ਨੂੰ ਚੇਤਾਵਨੀ
ਟਰੰਪ ਨੇ ਬ੍ਰਿਕਸ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਅਮਰੀਕਾ ਵਿਰੋਧੀ ਨੀਤੀਆਂ ਅਪਣਾਈਆਂ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਚਿਤਾਵਨੀ ਨਾਲ ਬ੍ਰਿਕਸ ਦੇਸ਼ਾਂ, ਜਿਨ੍ਹਾਂ ਵਿੱਚ ਭਾਰਤ, ਰੂਸ, ਚੀਨ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ, ਨਾਲ ਅਮਰੀਕਾ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋ ਸਕਦਾ ਹੈ।
5. Tik Tok ‘ਤੇ ਰੋਕ
ਚੀਨ ਨਾਲ ਸਬੰਧ ਸੁਧਾਰਨ ਦੀ ਪਹਿਲ ਕਰਦੇ ਹੋਏ ਟਰੰਪ ਨੇ TikTok ਨੂੰ ਅਮਰੀਕੀ ਨਿਯਮਾਂ ਦੀ ਪਾਲਣਾ ਕਰਨ ਲਈ 75 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਸਮੇਂ ਦੌਰਾਨ, TikTok ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਤਾਂ ਜੋ ਪਲੇਟਫਾਰਮ ਨੂੰ ਬੰਦ ਹੋਣ ਤੋਂ ਬਚਾਇਆ ਜਾ ਸਕੇ।
6. ਗ੍ਰੀਨਲੈਂਡ ‘ਤੇ ਕਬਜ਼ਾ ਕਰਨ ਦੀ ਯੋਜਨਾ
ਟਰੰਪ ਨੇ ਗ੍ਰੀਨਲੈਂਡ ਨੂੰ ਅਮਰੀਕਾ ਲਈ ਰਣਨੀਤਕ ਲੋੜ ਦੱਸਿਆ। ਉਨ੍ਹਾਂ ਕਿਹਾ ਕਿ ਗ੍ਰੀਨਲੈਂਡ ਅੰਤਰਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਡੈਨਮਾਰਕ ਵੀ ਇਸ ਵਿਚਾਰ ਦਾ ਸਮਰਥਨ ਕਰੇਗਾ। ਹਾਲਾਂਕਿ ਇਸ ਕਦਮ ਨਾਲ ਯੂਰਪ ਅਤੇ ਅਮਰੀਕਾ ਵਿਚਾਲੇ ਤਣਾਅ ਵਧ ਸਕਦਾ ਹੈ।
7. ਕੈਨੇਡਾ ਅਤੇ ਮੈਕਸੀਕੋ ‘ਤੇ ਟੈਰਿਫ
ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਦਰਾਮਦ ਹੋਣ ਵਾਲੇ ਸਮਾਨ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਅਮਰੀਕਾ ਅਤੇ ਉਸ ਦੇ ਗੁਆਂਢੀਆਂ ਵਿਚਾਲੇ ਵਪਾਰ ਯੁੱਧ ਛਿੜ ਸਕਦਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਨਾਲ ਅਮਰੀਕਾ ਦੇ ਸਬੰਧਾਂ ‘ਚ ਤਣਾਅ ਆ ਸਕਦਾ ਹੈ।
ਇਹ ਵੀ ਪੜ੍ਹੋ : ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ‘ਤੇ SC ‘ਚ ਸੁਣਵਾਈ ਅੱਜ, ਪੰਜਾਬ ਜੇਲ੍ਹ ‘ਚ ਸ਼ਿਫਟ ਕਰਨ ਦੀ ਕੀਤੀ ਹੈ ਮੰਗ
8. ਮਹਿਲਾ ਤੇ ਪੁਰਸ਼ ਸਿਰਫ਼ 2 ਹੀ ਜੈਂਡਰ
ਟਰੰਪ ਨੇ ਅਮਰੀਕਾ ਵਿੱਚ ਤੀਜੇ ਲਿੰਗ ਦੀ ਮਾਨਤਾ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਅਮਰੀਕਾ ਵਿੱਚ ਹੁਣ ਸਿਰਫ਼ ਦੋ ਲਿੰਗ ਮਰਦ ਅਤੇ ਮਹਿਲਾ ਨੂੰ ਹੀ ਮਾਨਤਾ ਦਿੱਤੀ ਜਾਵੇਗੀ, ਜਿਸ ਕਾਰਨ ਤੀਜੇ ਲਿੰਗ ਨੂੰ ਮਿਲਣ ਵਾਲੀਆਂ ਸਹੂਲਤਾਂ ਖ਼ਤਮ ਹੋ ਜਾਣਗੀਆਂ।
9. 6 ਜਨਵਰੀ ਦੇ ਦੋਸ਼ੀਆਂ ਨੂੰ ਮੁਆਫੀ
ਟਰੰਪ ਨੇ 6 ਜਨਵਰੀ, 2021 ਨੂੰ ਕੈਪੀਟਲ ਹਿੱਲ ‘ਤੇ ਹੋਏ ਦੰਗਿਆਂ ਦੇ ਦੋਸ਼ੀਆਂ ਨੂੰ ਮੁਆਫ਼ ਕਰ ਦਿੱਤਾ ਹੈ। ਉਸ ਨੇ ਕੈਪੀਟਲ ਹਿੱਲ ‘ਤੇ ਮਾਰਚ ਕਰਨ ਵਾਲੇ ਰਿਪਬਲਿਕਨ ਪਾਰਟੀ ਦੇ 1500 ਸਮਰਥਕਾਂ ਵਿਰੁੱਧ ਚੱਲ ਰਹੇ ਕੇਸਾਂ ਨੂੰ ਖਤਮ ਕੀਤਾ।
10. ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਐਂਟਰੀ ਬੈਨ
ਟਰੰਪ ਨੇ ਮੈਕਸੀਕੋ ਸਰਹੱਦ ‘ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਕਦਮ ਦਾ ਮਕਸਦ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਘੁਸਪੈਠ ਨੂੰ ਰੋਕਣਾ ਹੈ, ਜਿਸ ਲਈ ਸਰਹੱਦ ‘ਤੇ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਫੈਸਲੇ ਨਾਲ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ‘ਚ ਦਾਖਲੇ ‘ਤੇ ਰੋਕ ਲੱਗੇਗੀ।
ਟਰੰਪ ਦੇ ਇਨ੍ਹਾਂ ਫੈਸਲਿਆਂ ਦਾ ਅਮਰੀਕਾ ਦੀਆਂ ਘਰੇਲੂ ਅਤੇ ਕੌਮਾਂਤਰੀ ਨੀਤੀਆਂ ‘ਤੇ ਡੂੰਘਾ ਅਸਰ ਪੈ ਸਕਦਾ ਹੈ, ਜਿਸ ਕਾਰਨ ਦੇਸ਼ ਅਤੇ ਦੁਨੀਆ ‘ਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
