5 Air India pilots: ਨਵੀਂ ਦਿੱਲੀ: ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਹੇ ਵਾਲੇ ਕੋਰੋਨਾ ਦੇ ਦੌਰ ਵਿੱਚ ਕੋਰੋਨਾ ਨਾਲ ਯੁੱਧ ਵਿੱਚ ਲੱਗੇ ਲੋਕ ਵੀ ਕੋਰੋਨਾ ਨਾਲ ਪੀੜਤ ਹੋ ਰਹੇ ਹਨ । ਡਾਕਟਰਾਂ ਤੋਂ ਲੈ ਕੇ ਪੁਲਿਸ ਵਾਲਿਆਂ ਤੱਕ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਿਚਾਲੇ ਹੁਣ ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਇਹ ਉਡਾਨ ਦੇ 72 ਘੰਟੇ ਪਹਿਲਾਂ ਕੀਤੇ ਜਾਣ ਵਾਲੇ ਪਾਇਲਟ ਦੇ ਟੈਸਟ ਵਿੱਚ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮੁੰਬਈ ਦੇ ਵਸਨੀਕ ਹਨ। ਏਅਰ ਇੰਡੀਆ ਦੇ ਸੂਤਰਾਂ ਅਨੁਸਾਰ ਉਨ੍ਹਾਂ ਨੇ ਭਾਰਤ ਤੋਂ ਚੀਨ ਅਤੇ ਅਮਰੀਕਾ ਵਿਚਾਲੇ ਕਾਰਗੋ ਉਡਾਣ ਆਪਰੇਟ ਕੀਤੀ ਸੀ ।

ਦਰਅਸਲ, ਏਅਰ ਇੰਡੀਆ ਦੇ ਪੰਜ ਪਾਇਲਟ ਅਜਿਹੇ ਸਮੇਂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਦੋਂ ਵਿਦੇਸ਼ਾਂ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਮਹੱਤਵਪੂਰਨ ਵੰਦੇ ਭਾਰਤ ਮਿਸ਼ਨ ਚਲਾਇਆ ਜਾ ਰਿਹਾ ਹੈ. ਇਸ ਤੋਂ ਇਲਾਵਾ ਏਅਰ ਇੰਡੀਆ ਦੇ ਪਾਇਲਟ ਕੋਰੋਨਾ ਲਾਕਡਾਊਨ ਦੌਰਾਨ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਲੋੜੀਂਦੀਆਂ ਚੀਜ਼ਾਂ ਅਤੇ ਦਵਾਈਆਂ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ ।

ਦੱਸ ਦੇਈਏ ਕਿ ਵੰਦੇ ਭਾਰਤ ਮਿਸ਼ਨ ਦੇ ਤਹਿਤ ਵਿਦੇਸ਼ਾਂ ਤੋਂ ਲਗਾਤਾਰ ਭਾਰਤੀਆਂ ਦੀ ਏਅਰ ਇੰਡੀਆ ਜਹਾਜ਼ ਰਾਹੀਂ ਵਾਪਸੀ ਕਰਵਾਈ ਜਾ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ 800 ਤੋਂ ਵੱਧ ਭਾਰਤੀ ਆਪਣੇ ਵਤਨ ਪਰਤੇ ਹਨ। ਵਿਦੇਸ਼ਾਂ ਵਿੱਚ ਫਸੇ ਪ੍ਰਵਾਸੀਆਂ ਲਈ 12 ਦੇਸ਼ਾਂ ਤੋਂ ਉਡਾਣਾਂ ਆ ਰਹੀਆਂ ਹਨ ਅਤੇ ਦੇਸ਼ ਦੇ 14 ਸ਼ਹਿਰਾਂ ਵਿੱਚ 64 ਉਡਾਣਾਂ ਲੈਂਡ ਕਰਨਗੀਆਂ । ਇਹ ਉਡਾਣਾਂ ਛੋਟੇ ਹਵਾਈ ਅੱਡਿਆਂ ‘ਤੇ ਵੀ ਉਤਰਣਗੀਆਂ ਅਤੇ ਧਿਆਨ ਰੱਖਿਆ ਜਾਵੇਗਾ ਕਿ ਲੋਕ ਉਨ੍ਹਾਂ ਦੇ ਘਰ ਦੇ ਨੇੜੇ ਇੱਕ ਜਗ੍ਹਾ ਉਤਰਨ ।

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦਾ ਖਤਰਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ । ਲਾਕਡਾਊਨ ਦੇ ਬਾਵਜੂਦ, ਨਵੇਂ ਕੇਸਾਂ ਦੀ ਗਿਣਤੀ ਵੱਧ ਰਹੀ ਹੈ । ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 128 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3277 ਨਵੇਂ ਕੇਸ ਸਾਹਮਣੇ ਆਏ ਹਨ । ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ 62 ਹਜ਼ਾਰ 939 ਵਿਅਕਤੀ ਸੰਕਰਮਿਤ ਹੋਏ ਹਨ, ਜਦਕਿ 2109 ਲੋਕਾਂ ਦੀ ਮੌਤ ਹੋ ਚੁੱਕੀ ਹੈ । ਹਾਲਾਂਕਿ 19 ਹਜ਼ਾਰ 358 ਲੋਕ ਇਸ ਬਿਮਾਰੀ ਨੂੰ ਮਾਤ ਦੇ ਚੁੱਕੇ ਹਨ ।