ਬੀਤੇ ਦਿਨੀ ਜੰਮੂ ਕਸ਼ਮੀਰ ਵਿਚ ਤਾਇਨਾਤ ਫਰੀਦਕੋਟ ਜਿਲ੍ਹੇ ਦੇ ਪਿੰਡ ਕੋਠੇ ਚਹਿਲ ਵਾਸੀ ਅਗਨੀਵੀਰ ਅਕਾਸ਼ਦੀਪ ਸਿੰਘ ਦੀ ਸਿਰ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਕੋਠੇ ਚਹਿਲ ਫਰੀਦਕੋਟ ਵਿਖੇ ਕੀਤਾ ਗਿਆ ਸੀ।ਪਰ ਸਰਕਾਰ ਵੱਲੋਂ ਜਾਂ ਫੌਜ ਵੱਲੋਂ ਅਗਨੀਵੀਰ ਅਕਾਸ਼ਦੀਪ ਸਿੰਘ ਨੂੰ ਸ਼ਹੀਦ ਕਰਾਰ ਨਾਂ ਦਿੱਤੇ ਜਾਣ ਦੇ ਚਲਦੇ ਹੁਣ ਪਰਿਵਾਰ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ ਕਿ ਅਗਨੀਵੀਰ ਅਕਾਸ਼ਦੀਪ ਸਿੰਘ ਨੂੰ ਅੱਜ ਤੱਕ ਨਾਂ ਤਾਂ ਸਹੀਦ ਐਲਾਨਿਆ ਗਿਆ ਅਤੇ ਨਾਂ ਹੀ ਇਕ ਸਹੀਦ ਨੂੰ ਮਿਲਣ ਵਾਲਾ ਮਾਣ ਸਨਮਾਨ ਦਿੱਤਾ ਜਾ ਰਿਹਾ ਜਿਸ ਕਾਰਨ ਉਹਨਾਂ ਨੂੰ ਲਗਦਾ ਕਿ ਉਹਨਾਂ ਦੇ ਬੱਚੇ ਦੀ ਸ਼ਹਾਦਤ ਦੀ ਤੌਹੀਨ ਕੀਤੀ ਜਾ ਰਹੀ ਹੈ।
ਗੱਲਬਾਤ ਕਰਦਿਆਂ ਅਗਨੀਵੀਰ ਅਕਾਸ਼ਦੀਪ ਦੀ ਮਾਤਾ ਕਰਮਜੀਤ ਕੌਰ ਨੇ ਕਿਹਾ ਕਿ ਜਿਸ ਦਿਨ ਉਸ ਦੇ ਪੁੱਤ ਦੀ ਮ੍ਰਿਤਕ ਦੇਹ ਘਰ ਆਈ ਸੀ ਉਸ ਨੂੰ ਕੋਈ ਹੋਸ਼ ਹਵਾਸ਼ ਨਹੀਂ ਸੀ ਪਰ ਬਾਅਦ ਵਿਚ ਪਤਾ ਚੱਲਿਆ ਕਿ ਉਸ ਦੇ ਪੁੱਤ ਨੂੰ ਨਾਂ ਤਾਂ ਸ਼ਹੀਦ ਕਰਾਰ ਦਿੱਤਾ ਗਿਆ ਹੈ ਅਤੇ ਨਾਂ ਹੀ ਉਸ ਨੂੰ ਇਕ ਸ਼ਹੀਦ ਦਾ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਉਹ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਅਤੇ ਉਸ ਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਲੜੇਗੀ ਅਤੇ ਉਨਾਂ ਚਿਰ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰੇਗੀ ਜਿੰਨਾਂ ਚਿਰ ਉਸ ਦੇ ਪੁੱਤ ਨੂੰ ਸ਼ਹੀਦ ਕਰਾਰ ਨਹੀਂ ਦਿੱਤਾ ਜਾਂਦਾ। ਉਹਨਾਂ ਨਾਲ ਹੀ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਅਗਨੀਵੀਰ ਸਕੀਮ ਬੰਦ ਕੀਤੀ ਜਾਵੇ ਤਾ ਜੋ ਛੋਟੀ ਉਮਰੇ ਹੀ ਮਾਵਾਂ ਦੇ ਪੁੱਤਾਂ ਨੂੰ ਆਪਣੀ ਜਾਨ ਤੋਂ ਹੱਥ ਨਾਂ ਧੋਣੇ ਪੈਣੇ। ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਟੀ ਵੱਲੋਂ ਸ਼ਹੀਦ ਦੇ ਨਾਮ ਤੇ ਐਵਾਰਡ ਸ਼ੁਰੂ ਕਰਨ ਅਤੇ ਪਰਿਵਾਰ ਨੂੰ ਉਮਰ ਭਰ ਲਈ ਮੁਫਤ ਮੈਡੀਕਲ ਸਹੂਲਤਾਂ ਦੇਣ ਬਾਰੇ ਆਏ ਬਿਆਨ ‘ਤੇ ਉਹਨਾਂ ਕਿਹਾ ਕਿ ਸਾਨੂੰ ਤਾਂ ਇਸਬਾਰੇ ਕਿਸੇ ਨੇ ਦੱਸਿਆ ਨਹੀਂ ਸਾਨੂੰ ਤਾਂ ਸਿਰਫ ਮੀਡੀਆ ਤੋਂ ਹੀ ਪਤਾ ਲੱਗਾ ਹੈ ਪਰਿਵਾਰ ਨਾਲ ਅੱਜ ਤੱਕ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ।
ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਫੜੇ ਗਏ 2 ਜਾਸੂਸ, ਆਪ੍ਰੇਸ਼ਨ ਸਿੰਦੂਰ ਨਾਲ ਜੁੜੀ ਜਾਣਕਾਰੀ ਭੇਜਦੇ ਸਨ ਪਾਕਿਸਤਾਨ ਨੂੰ
ਇਸ ਮੌਕੇ ਗੱਲਬਾਤ ਕਰਦਿਆਂ ਅਗਨੀਵੀਰ ਅਕਾਸ਼ਦੀਪ ਦੀ ਰਿਸ਼ਤੇਦਾਰ ਔਰਤ ਦਲਜੀਤ ਕੌਰ ਨੇ ਕਿਹਾ ਕਿ ਇਹ ਅਗਨੀਵੀਰ ਸਕੀਮ ਬੰਦ ਹੋਣੀ ਚਾਹੀਦੀ ਹੈ ਜਿਸ ਤਹਿਤ ਭਰਤੀ ਹੋਏ ਜਵਾਨਾਂ ਨੂੰ ਦੇਸ਼ ਦੀ ਰਾਖੀ ਕਰਦੇ ਹੋਏ ਜਾਨ ਗਵਾਉਣ ਤੇ ਸ਼ਹੀਦ ਹੀ ਨਾਂ ਐਲਾਨਿਆਂ ਜਾਵੇ। ਉਹਨਾਂ ਕਿਹਾ ਕਿ ਜਿਸ ਤਰਾਂ ਨਾਲ ਅਕਾਸ਼ਦੀਪ ਦੀ ਸਹਾਦਤ ਨੂੰ ਮਜਾਕ ਬਣਾਂ ਦਿੱਤਾ ਗਿਆ ਉਸ ਤੋਂ ਅਕਾਸ਼ਦੀਪ ਦੇ ਬਾਕੀ ਸਾਥੀ ਜੋ ਫੌਜ ਵਿਚ ਭਰਤੀ ਹੋਣ ਲਈ ਉਤਸਾਹਿਤ ਸਨ ਦੇ ਹੌਂਸਲੇ ਵੀ ਟੁੱਟੇ ਹਨ। ਉਹਨਾਂ ਕਿਹਾ ਕਿ ਜੇਕਰ ਅਕਾਸ਼ਦੀਪ ਨੂੰ ਸ਼ਹੀਦ ਕਰਾਰ ਨਾਂ ਦਿੱਤਾ ਗਿਆ ਤਾਂ ਉਹ ਅਕਾਸ਼ਦੀਪ ਦੇ ਹੱਕ ਲਈ ਇਸ ਲੜਾਈ ਨੂੰ ਇਕੱਲਾ ਅਸਥੀਆਂ ਜਲ ਪ੍ਰਵਾਹ ਨਾਂ ਕਰਕੇ ਨਹੀਂ ਲੜਨਗੇ ਸਗੋਂ ਇਸ ਲੜਾਈ ਨੂੰ ਪੰਜਾਬ ਪੱਧਰ ‘ਤੇ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਸਾਨੂੰ ਬੜਾ ਦੁੱਖ ਹੈ ਕਿ ਸਾਡਾ ਪੁੱਤ ਦੇਸ਼ ਲਈ ਲੜਦਾ ਹੋਇਆ ਸ਼ਹੀਦ ਹੋਇਆ ਪਰ ਅੱਜ ਤੱਕ ਉਸ ਨੂੰ ਸ਼ਹੀਦ ਨਹੀਂ ਐਲਾਨਿਆ ਗਿਆ ਸਗੋਂ ਅੰਤਿਮ ਸੰਸਕਾਰ ਸਮੇਂ ਵੀ ਉਸ ਨੂੰ ਉਹ ਸਨਮਾਨ ਨਹੀਂ ਦਿੱਤਾ ਗਿਆ ਜਿਸ ਦਾ ਇਕ ਸਹੀਦ ਹੱਕਦਾਰ ਹੁੰਦਾ, ਉਹਨਾਂ ਕਿਹਾ ਕਿ ਅੰਤਿਮ ਯਾਤਰਾ ਸਮੇਂ ਸਰਧਾਂਜਲੀ ਦੇਣ ਲਈ ਫੁੱਲ ਵੀ ਅਕਾਸ਼ਦੀਪ ਦੇ ਦੋਸ਼ਤਾਂ ਨੇ ਲੈ ਕੇ ਆਂਦੇ ਸਨ, ਤਿਰੰਗੇ ਵੀ ਅਕਾਸ਼ਦੀਪ ਦੇ ਸਾਥੀ ਲੈ ਕੇ ਆਏ ਸਨ। ਪ੍ਰਸ਼ਾਸਨ ਸਿਰਫ ਫੋਟੋ ਕਰਵਾਉਣ ਆਇਆ ਸੀ। ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਅਗਨੀਵੀਰ ਅਕਾਸ਼ਦੀਪ ਸਿੰਘ ਨੂੰ ਸ਼ਹੀਦ ਐਲਾਨਿਆ ਜਾਵੇ ਅਤੇ ਉਸ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: