ਮੱਧਪ੍ਰਦੇਸ਼ ਦੇ ਜਬਲਪੁਰ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਨੁੱਖਤਾ ਦੀ ਸੇਵਾ ਨੂੰ ਹੀ ਆਪਣਾ ਧਰਮ ਮੰਨਣ ਵਾਲੇ ਪਦਮਸ਼੍ਰੀ ਡਾ. ਐੱਮਸੀ ਡਾਬਰ ਦਾ ਦੇਹਾਂਤ ਹੋ ਗਿਆ।ਉਹ 84 ਸਾਲ ਦੇ ਸਨ ਤੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਅੱਜ ਸਵੇਰੇ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਡਾ. ਡਾਬਰ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਗਰੀਬ ਤੇ ਲੋੜਵੰਦ ਲੋਕਾਂ ਦੀ ਨਿਰਸੁਆਰਥ ਸੇਵਾ ਵਿਚ ਲਗਾਇਆ। ਉਨ੍ਹਾਂ ਨੂੰ ਘੱਟ ਫੀਸ ਵਿਚ ਇਲਾਜ ਕਰਨ ਵਾਲੇ ਡਾਕਟਰ ਵਜੋਂ ਜਾਣਿਆ ਜਾਂਦਾ ਸੀ।
ਡਾ. ਡਾਬਰ ਨੇ ਸਾਲ 1972 ਵਿਚ ਚਕਿਤਸਾ ਖੇਤਰ ਵਿਚ ਕਦਮ ਰੱਖਿਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਿਰਫ 2 ਰੁਪਏ ਫੀਸ ਤੋਂ ਕੀਤੀ ਸੀ ਜੋ ਸਮੇਂ ਦੇ ਨਾਲ ਵਧ ਕੇ 20 ਰੁਪਏ ਤੱਕ ਹੀ ਪਹੁੰਚੀ ਜਦੋਂ ਕਿ ਉਨ੍ਹਾਂ ਦੇ ਸਾਹਮਣੇ ਡਾਕਟਰਾਂ ਦੀ ਫੀਸ ਹਜ਼ਾਰਾਂ ਵਿਚ ਹੁੰਦੀ ਰਹੀ ਪਰ ਉਨ੍ਹਾਂ ਨੇ ਆਪਣੇ ਉਸ ਸਿਧਾਂਤ ਨਾਲ ਕਦੇ ਸਮਝੌਤਾ ਨਹੀਂ ਕੀਤਾ ਕਿ ਇਲਾਜ ਆਮ ਆਦਮੀ ਦੀ ਪਹੁੰਚ ਵਿਚ ਹੋਣਾ ਚਾਹੀਦਾ ਹੈ।
ਉਨ੍ਹਾਂ ਦੀ ਇਸ ਸੇਵਾ ਭਾਵਨਾ ਤੇ ਸਮਰਪਣ ਕਰਕੇ ਉਨ੍ਹਾਂ ਨੂੰ ਸਾਲ 2020 ਵਿਚ ਭਾਰਤ ਸਰਕਾਰ ਨੇ ਪਦਮਸ਼੍ਰੀ ਸਨਮਾਨ ਨਾਲ ਨਿਵਾਜਿਆ। ਇਹ ਸਨਮਾਨ ਨਾ ਸਿਰਫ ਉਨ੍ਹਾਂ ਦੇ ਪੇਸ਼ੇਵਰ ਯੋਗਦਾਨ ਦਾ ਸਗੋਂ ਉਨ੍ਹਾਂ ਦੇ ਮਨੁੱਖੀ ਦ੍ਰਿਸ਼ਟੀਕੋਣ ਤੇ ਸੇਵਾ ਭਾਵਨਾ ਦਾ ਵੀ ਪ੍ਰਤੀਕ ਸੀ। ਉਹ ਇਕ ਡਾਕਟਰ ਨਹੀਂ ਸਗੋਂ ਹਜ਼ਾਰਾਂ-ਲੱਖਾਂ ਗਰੀਬ ਪਰਿਵਾਰਾਂ ਲਈ ‘ਉਮੀਦ ਦੀ ਆਖਰੀ ਕਿਰਨ’ ਸਨ।
ਡਾ. ਡਾਬਰ ਜਬਲਪੁਰ ਦੇ ਗੋਰਖਪੁਰ ਖੇਤਰ ਵਿਚ ਕਲੀਨਿਕ ਚਲਾਉਂਦੇ ਸਨ ਜਿਥੇ ਦੂਰ-ਦੁਰਾਡੇ ਤੋਂ ਮਰੀਜ਼ ਇਲਾਜ ਲਈ ਆਉਂਦੇ ਸਨ। ਭੀੜ ਇੰਨੀ ਜ਼ਿਆਦਾ ਹੁੰਦੀ ਸੀ ਕਿ ਰੋਜ਼ ਸੈਂਕੜੇ ਮਰੀਜ਼ ਉੁਨ੍ਹਾਂ ਦੇ ਘਰ ਦੇ ਬਾਹਰ ਲਾਈਨ ਲਗਾ ਕੇ ਖੜ੍ਹੇ ਰਹਿੰਦੇ ਸਨ। ਉਹ ਖੁਦ ਹੀ ਮਰੀਜ਼ਾਂ ਦੀ ਜਾਚ ਕਰਦੇ, ਦਵਾਈ ਲਿਖਦੇ ਤੇ ਲੋੜ ਪੈਣ ‘ਤੇ ਆਰਥਿਕ ਮਦਦ ਵੀ ਕਰਦੇ ਸਨ।
ਇਹ ਵੀ ਪੜ੍ਹੋ : ਬਠਿੰਡਾ : ਛੇਵੀਂ ਪੜ੍ਹਦੇ ਲਾਪਤਾ ਸਟੂਡੈਂਟ ਦੀ CCTV ਆਈ ਸਾਹਮਣੇ, ਪੁਲਿਸ ਕਰ ਰਹੀ ਹੈ ਜਾਂਚ
ਉਨ੍ਹਾਂ ਦੀ ਮੌਤ ਨਾਲ ਚਕਿਤਸਾ ਜਗਤ ਤੇ ਸਮਾਜ ਨੇ ਇਕ ਸੱਚੇ ਸੇਵਕ ਨੂੰ ਗੁਆ ਦਿੱਤਾ ਹੈ। ਅੰਤਿਮ ਦਰਸ਼ਨ ਲਈ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚਣ ਲੱਗੇ। ਕਈ ਲੋਕਾਂ ਦੀਆਂ ਅੱਖਾਂ ਨਮ ਸਨ। ਹਰ ਕੋਈ ਇਹ ਕਹਿ ਰਿਹਾ ਹੈ ਕਿ ਡਾ. ਡਾਬਰ ਵਰਗਾ ਡਾਕਟਰ ਇਸ ਯੁੱਗ ਵਿਚ ਮਿਲਣਾ ਮੁਸ਼ਕਲ ਹੈ।
ਵੀਡੀਓ ਲਈ ਕਲਿੱਕ ਕਰੋ -: