ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 20 ਅਜਿਹੀਆਂ ਫਰਮਾਂ ਦਾ ਪਰਦਾਫਾਸ਼ ਕੀਤਾ ਹੈ ਜੋ ਕਰੋੜਾਂ ਰੁਪਏ ਦੀ ਜੀਐੱਸਟੀ ਚੋਰੀ ਕਰ ਰਹੀਆਂ ਸਨ। ਇਨ੍ਹਾਂ ਫਰਮਾਂ ਨੇ ਬਹੁਤ ਹੀ ਚਾਲਾਕੀ ਨਾਲ ਆਪਣਾ ਨੈਟਵਰਕ ਖੜ੍ਹਾ ਕੀਤਾ ਤਾਂ ਕਿ ਅਸਲੀ ਪ੍ਰਬੰਧਕਾਂ ਦਾ ਨਾਂ ਸਾਹਮਣੇ ਨਾ ਆ ਸਕੇ।
ਇਸ ਲਈ ਉਨ੍ਹਾਂ ਨੇ ਆਮ ਮਜ਼ਦੂਰਾਂ ਤੇ ਬੇਰੋਜ਼ਗਾਰਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ 800 ਰੁਪਏ ਰੋਜ਼ਾਨਾ ਦਿਹਾੜੀ ਦੇਣ ਦਾ ਲਾਲਚ ਦਿੱਤਾ ਗਿਆ ਤੇ ਇਹ ਕਹਿ ਕੇ ਉਨ੍ਹਾਂ ਦੇ ਪੈਨ ਕਾਰਡ, ਆਧਾਰ ਕਾਰਡ ਤੇ ਬਾਕੀ ਦਸਤਾਵੇਜ਼ ਲੈ ਲਏ ਗਏ ਕਿ ਉਨ੍ਹਾਂ ਦੇ ਖਾਤਿਆਂ ਵਿਚ ਪੇਮੈਂਟ ਕੀਤੀ ਜਾਵੇਗੀ। ਬਾਅਦ ਵਿਚ ਇਨ੍ਹਾਂ ਦਸਤਾਵੇਜ਼ਾਂ ਤੋਂ ਫਰਜ਼ੀ ਨਾਵਾਂ ‘ਤੇ ਕੰਪਨੀਆਂ ਬਣਾ ਕੇ ਜੀਐੱਸਟੀ ਵਿਚ ਰਜਿਸਟ੍ਰੇਸ਼ਨ ਕਰਵਾਇਆ ਗਿਆ। ਇਨ੍ਹਾਂ ਫਰਮਾਂ ਦੇ ਬੈਂਕ ਖਾਤੇ ਪਹਿਲਾਂ ਤੋਂ ਹੀ ਖੁੱਲ੍ਹੇ ਹੋਏ ਸਨ। ਇਸ ਤਰ੍ਹਾਂ 866 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਇਸ ਵਿਚ ਟੈਕਸੀ ਸੇਵਾਵਾਂ ਦੇ ਨਾਂ ‘ਤੇ ਕੀਤੀ ਗਈ ਜੀਐੱਸਟੀ ਚੋਰੀ ਹੀ 157.22 ਕਰੋੜ ਰੁਪਏ ਦੀ ਸੀ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਜਾਂਚ ਵਿਚ ਹੁਣ ਤੱਕ 40 ਲੱਖ ਰੁਪਏ ਨਕਦੀ, ਫਰਜ਼ੀ ਬਿਲ ਬੁੱਕ ਤੇ ਬਿਨਾਂ ਸਾਈਨ ਦੀ ਚੈੱਕ ਬੁੱਕ ਵਰਗੇ ਅਹਿਮ ਸਬੂਤ ਮਿਲੇ ਹਨ। ਇਸ ਮਾਮਲੇ ਵਿਚ ਲੁਧਿਆਣਾ ਵਿਚ ਕੇਸ ਦਰਜ ਕੀਤਾ ਗਿਆ ਹੈ। ਸਰਬਜੀਤ ਸਿੰਘ ਇਸ ਘਪਲੇ ਦਾ ਮੁੱਖ ਦੋਸ਼ੀ ਹੈ ਜਿਸ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਕਾਲੀ ਵਰਕਰਾਂ ਨੂੰ ਨਜ਼ਰਬੰਦ ਕੀਤੇ ਜਾਣ ‘ਤੇ ਬੋਲੇ ਸੁਖਬੀਰ ਬਾਦਲ-‘ਨਾ ਅਸੀਂ ਪਹਿਲਾਂ ਡਰੇ ਹਾਂ, ਨਾ ਹੀ ਹੁਣ ਡਰਾਂਗੇ”
ਟੈਕਸੇਸ਼ਨ ਵਿਭਾਗ ਦੇ ਅਧਿਕਾਰੀ ਮੁਤਾਬਕ ਮੁਲਜ਼ਮਾਂ ਨੇ 2023-24 ਵਿਚ ਨਕਲੀ ਬਿੱਲ ਤਿਆਰ ਕਰਕੇ 249 ਕਰੋੜ ਰੁਪਏ ਦਾ ਲੈਣ-ਦੇਣ ਦਿਖਾਇਆ ਤੇ ਇਸ ਦੇ ਆਧਾਰ ‘ਤੇ 45.12 ਕਰੋੜ ਦਾ ਇਨਪੁਟ ਟੈਕਸ ਕ੍ਰੇਡਿਟ ਦਾ ਦਾਅਵਾ ਕੀਤਾ। ਇਸ ਦੇ ਬਾਅਦ 2024-25 ਵਿਚ 569.54 ਕਰੋੜ ਦਾ ਫਰਜ਼ੀ ਕਾਰੋਬਾਰ ਦਿਖਾ ਕੇ 104.08 ਕਰੋੜ ਦਾ ITC ਲਿਆ। ਇਸ ਸਾਲ ਦੇ 2 ਮਹੀਨਿਆਂ ਵਿਚ ਹੀ 47.25 ਕਰੋੜ ਦਾ ਲੈਣ-ਦੇਣ ਦਿਖਾ ਕੇ 8.01 ਕਰੋੜ ਰੁਪਏ ਦਾ ਫਰਜ਼ੀ ਟੈਕਸ ਕ੍ਰੈਡਿਟ ਕਲੇਨ ਕੀਤਾ ਗਿਆ। ਜਾਂਚ ਏਜੰਸੀਆਂ ਦੀ ਨਜ਼ਰ ਇਸ ਨੈਟਵਰਕ ਨਾਲ ਜੁੜੇ ਹੋਰ ਲੋਕਾਂ ‘ਤੇ ਵੀ ਹੈ। ਕਈ ਹੋਰ ਨਾਂ ਜਲਦ ਸਾਹਮਣੇ ਆ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: