ਪਠਾਨਕੋਟ ਵਿਖੇ ਬੀਤੀ ਸ਼ਾਮ ਵੱਡਾ ਹਾਦਸਾ ਵਾਪਰਿਆ ਜਿਸ ਵਿਚ 3 ਜਣਿਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਸਕਾਰਪੀਓ ਵਿਚ 5-6 ਮੁੰਡੇ ਜਾ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਜਾਂਦੀ ਹੈ। ਸਕਾਰਪੀਓ ਗੱਡੀ ਨੇ ਸੈਰ ਕਰ ਰਹੀਆਂ 2 ਮਹਿਲਾਵਾਂ ਨੂੰ ਵੀ ਦਰੜ ਦਿੱਤਾ ਤੇ ਇਸ ਤੋਂ ਬਾਅਦ ਗੱਡੀ ਕੰਧ ਵਿਚ ਜਾ ਵੱਜੀ।
ਹਾਦਸੇ ਵਿਚ ਕਾਰ ਸਵਾਰ 2 ਨੌਜਵਾਨਾਂ ਦੀ ਤੇ ਸੈਰ ਕਰ ਰਹੀ ਇਕ ਔਰਤ ਦੀ ਮੌਤ ਹੋ ਜਾਣ ਦੀ ਖਬਰ ਹੈ। ਦੂਜੀ ਔਰਤ ਵੀ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ। ਮ੍ਰਿਤਕ ਔਰਤ ਦੇ ਸਹੁਰੇ ਨੇ ਦੱਸਿਆ ਕਿ ਉਸਦੀ ਨੂੰਹ ਆਪਣੀ ਭੈਣ ਨਾਲ ਸੈਰ ਕਰ ਰਹੀ ਸੀ ਕਿ ਅਚਾਨਕ ਇੱਕ ਬੇਕਾਬੂ ਸਕਾਰਪੀਓ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਜਿਸ ਕਾਰਨ ਉਸਦੀ ਨੂੰਹ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜੀ ਕੁੜੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਤੇਜ਼ ਰਫਤਾਰ ਗੱਡੀ ਸੜਕ ‘ਤੇ ਜਾ ਰਹੀ ਸੀ ਤੇ ਅਚਾਨਕ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਦੋ ਔਰਤਾਂ ਵਿਚ ਜਾ ਵੱਜਦੀ ਹੈ। ਹਾਦਸਾ ਬੀਤੀ ਸ਼ਾਮ ਤਕਰੀਬਨ 7 ਵਜੇ ਵਜੇ ਵਾਪਰਿਆ ਹੈ। ਪੀੜਤ ਔਰਤ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਧੋਪੁਰ ਵਿੱਚ ਇੱਕ ਹਾਦਸਾ ਹੋਇਆ ਹੈ। ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ, ਇੱਥੇ ਡਾਕਟਰਾਂ ਨੇ ਇੱਕ ਔਰਤ ਅਤੇ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਿਨ੍ਹਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: