ਭਾਰਤ ਦੇ ਸਭ ਤੋਂ ਵੱਡੇ ਬੈਂਕ ਘਪਲਿਆਂ ਵਿਚੋਂ ਇਕ ਪੰਜਾਬ ਨੈਸ਼ਨਲ ਬੈਂਕ ਘਪਲੇ ਨਾਲ ਜੁੜੇ ਮਾਮਲੇ ਵਿਚ ਵੱਡੀ ਕਾਰਵਾਈ ਹੋਈ ਹੈ। ਅਮਰੀਕੀ ਅਧਿਕਾਰੀਆਂ ਨੇ ਨੀਰਵ ਮੋਦੀ ਦੇ ਭਰਾ ਨੇਹਲ ਮੋਦੀ ਨੂੰ 4 ਜੁਲਾਈ 2025 ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗ੍ਰਿਫਤਾਰੀ ਦੀ ਜਾਣਕਾਰੀ ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਏਜੰਸੀਆਂ ਨੂੰ ਦਿੱਤੀ ਹੈ। ਨੇਹਲ ਮੋਦੀ ਦੀ ਗ੍ਰਿਫਤਾਰੀ ਭਾਰਤ ਦੀ ਈਡੀ ਤੇ ਕੇਂਦਰੀ ਜਾਂਚ ਬਿਊਰੋ ਵੱਲੋਂ ਸਾਂਝੇ ਤੌਰ ‘ਤੇ ਦਿੱਤੇ ਗਏ ਹਵਾਲਗੀ ਬੇਨਤੀ ਦੇ ਆਧਾਰ ‘ਤੇ ਕੀਤੀ ਗਈ ਹੈ।
ਅਮਰੀਕੀ ਇਸਤਗਾਸਾ ਪੱਖ ਵੱਲੋਂ ਦਾਇਰ ਸ਼ਿਕਾਇਤ ਮੁਤਾਬਕ ਨੇਹਲ ਮੋਦੀ ਵਿਰੁੱਧ ਭਾਰਤ ‘ਚ ਦੋ ਵੱਡੇ ਦੋਸ਼ਾਂ ਵਿੱਚ ਹਵਾਲਗੀ ਪ੍ਰਕਿਰਿਆ ਚੱਲ ਰਹੀ ਹੈ। ਉਸ ‘ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਉਸ ‘ਤੇ ਅਪਰਾਧਿਕ ਸਾਜ਼ਿਸ਼ ਰਚਣ ਅਤੇ ਸਬੂਤਾਂ ਨੂੰ ਨਸ਼ਟ ਕਰਨ ਦਾ ਵੀ ਦੋਸ਼ ਹੈ, ਜੋ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ 120-ਬੀ ਅਤੇ 201 ਦੇ ਤਹਿਤ ਆਉਂਦਾ ਹੈ।
ਨੇਹਲ ਮੋਦੀ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਭਰਾ ਨੀਰਵ ਮੋਦੀ ਦੀ ਮਦਦ ਨਾਲ ਘਪਲੇ ਤੋਂ ਕਮਾਏ ਗਏ ਹਜ਼ਾਰਾਂ ਕਰੋੜ ਰੁਪਏ ਦੇ ਕਾਲੇ ਪੈਸੇ ਨੂੰ ਸਫੈਦ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨੇਹਲ ਨੇ ਸ਼ੈੱਲ ਕੰਪਨੀਆਂ ਤੇ ਵਿਦੇਸ਼ਾਂ ਵਿਚ ਕੀਤੇ ਗਏ ਲੈਣ-ਦੇਣ ਜ਼ਰੀਏ ਇਨ੍ਹਾਂ ਪੈਸਿਆਂ ਨੂੰ ਲੁਕਾਇਆ ਤੇ ਇਧਰ-ਉਧਰ ਭੇਜਿਆ।
ਇਹ ਵੀ ਪੜ੍ਹੋ : 10-11 ਜੁਲਾਈ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ, ਬੇਅਬਦੀਆਂ ਨੂੰ ਰੋਕਣ ਲਈ ਬਣੇਗਾ ਵਿਸ਼ੇਸ਼ ਕਾਨੂੰਨ
ਨੀਰਵ ਮੋਦੀ ਪਹਿਲਾਂ ਤੋਂ ਹੀ ਲੰਦਨ ਵਿਚ ਗ੍ਰਿਫਤਾਰ ਹੈ ਤੇ ਉਸ ਖਿਲਾਫ ਵੀ ਭਾਰਤ ਸਰਕਾਰ ਨੇ ਹਵਾਲਗੀ ਦੀ ਮੰਗ ਕੀਤੀ ਹੋਈ ਹੈ। ਨੇਹਲ ਮੋਦੀ ਦੇ ਹਵਾਲਗੀ ਮਾਮਲੇ ਵਿਚ ਅਗਲੀ ਸੁਣਵਾਈ 17 ਜੁਲਾਈ 2025 ਨੂੰ ਹੋਵੇਗੀ ਜਦੋਂ ਅਦਾਲਤ ਵਿਚ ਸਟੇਟਸ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ। ਇਸ ਦੌਰਾਨ ਨੇਹਲ ਮੋਦੀ ਵੱਲੋਂ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਜਾ ਸਕਦੀ ਹੈ ਪਰ ਅਮਰੀਕੀ ਇਸਤਗਾਸਾ ਪੱਖ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਜ਼ਮਾਨਤ ਦਾ ਵਿਰੋਧ ਕਰੇਗਾ। ਇਹ ਕਾਰਵਾਈ ਭਾਰਤ ਦੀਆਂ ਜਾਂਚ ਏਜੰਸੀਆਂ ਲਈ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਜੋ ਕਈ ਸਾਲਾਂ ਤੋਂ ਇਸ ਕੌਮਾਂਤਰੀ ਆਰਥਿਕ ਅਪਰਾਧ ਨਾਲ ਜੁੜੇ ਮੁਲਜ਼ਮਾਂ ਨੂੰ ਨਿਆਂ ਦੇ ਕਟਿਹਰੇ ਵਿਚ ਲਿਆਉਣ ਦੀ ਕੋਸ਼ਿਸ਼ ਵਿਚ ਜੁਟੀਆਂ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: