ਪੰਜਾਬ ਦੇ ਸਾਬਕਾ ਡਿਪਟੀ ਸੀਐੱਮ ਤੇ ਗੁਰਦਾਸਪੁਰ ਤੋਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੌਮਾਂਤਰੀ ਪੱਧਰ ‘ਤੇ ‘ਨੋ ਵਾਰ ਜ਼ੋਨ’ ਐਲਾਨਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਕੋਈ ਸਾਧਾਰਨ ਥਾਂ ਨਹੀਂ ਹੈ, ਇਹ ਸਿੱਖ ਧਰਮ ਦੀ ਆਤਮਾ ਹੈ ਤੇ ਸ਼ਾਂਤੀ ਦਾ ਅਧਿਆਤਮਕ ਪ੍ਰਤੀਕ ਹੈ।
ਉਨ੍ਹਾਂ ਲਿਖਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰਤਾ ਦੇ ਗੌਰਵ ਦੀ ਰਾਖੀ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਮੀਦ ਹੈ ਕਿ ਕੇਂਦਰ ਸਰਕਾਰ ਮੇਰੀ ਇਸ ਅਪੀਲ ਨੂੰ ਸਿਆਸੀ ਨਹੀਂ ਸਗੋਂ ਸ਼ਾਂਤੀ ਦੇ ਪ੍ਰਤੀਕ ਦੀ ਰੱਖਿਆ ਵਜੋਂ ਦੇਖੇਗੀ।
ਉਨ੍ਹਾਂ ਲਿਖਿਆ ਕਿ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਵਿੱਤਰ ਸ਼੍ਰੀ, ਸ੍ਰੀ ਹਰਿਮੰਦਰ ਸਾਹਿਬ ਸਿਰਫ ਇਕ ਭੂਗੌਲਿਕ ਥਾਂ ਨਹੀਂ ਹੈ, ਸਗੋਂ ਸਿੱਖੀ ਦੀ ਰੂਹ ਅਤੇ ਪੂਰੇ ਵਿਸ਼ਵ ਲਈ ਅਮਨ, ਪਿਆਰ ਤੇ ਇਕਤਾ ਦਾ ਚਾਨਣ ਮੁਨਾਰਾ ਹੈ।”
ਉਨ੍ਹਾਂ ਨੇ ਕਿਹਾ ਕਿ ਜਿਵੇਂ ਵੈਟੀਕਨ ਸਿਟੀ ਨੂੰ ਵਿਸ਼ਵ ਪੱਧਰੀ ਸੁਰੱਖਿਆ ਮਿਲੀ ਹੋਈ ਹੈ, ਉਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰੂਹਾਨੀ ਮਹੱਤਤਾ ਨੂੰ ਮਨਵਾਉਂਦਿਆਂ ਉਨ੍ਹਾਂ ਲਈ ਵਿਸ਼ਵ ਪੱਧਰੀ ਸੁਰੱਖਿਆ ਢਾਂਚਾ ਵਿਕਸਿਤ ਕੀਤਾ ਜਾਵੇ। ਪੱਤਰ ਵਿੱਚ ਉਨ੍ਹਾਂ ਨੇ ਹਾਲੀਆ ਭਾਰਤ-ਪਾਕਿਸਤਾਨ ਤਣਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਦੀ ਸਰਹੱਦੀ ਨੇੜਤਾ, ਸੰਘਰਸ਼ ਸਮੇਂ ਇਨ੍ਹਾਂ ਪਵਿੱਤਰ ਸਥਾਨਾਂ ਲਈ ਖਤਰੇ ਦਾ ਕਾਰਨ ਬਣ ਸਕਦੀ ਹੈ। ਇਹ ਅਪੀਲ ਕਿਸੇ ਰਾਜਨੀਤਕ ਖੇਤਰ ਅਧਿਕਾਰ ਦੀ ਮੰਗ ਨਹੀਂ, ਸਗੋਂ ਵਿਸ਼ਵ ਪੱਧਰ ’ਤੇ ਇੱਕ ਆਤਮਿਕ ਕੇਂਦਰ ਦੀ ਸੁਰੱਖਿਆ ਲਈ ਇੱਕ ਨੈਤਿਕ ਅਰਜ਼ੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਬੱਚੀ ਨਾਲ ਜ.ਬ.ਰ-ਜ.ਨਾ/ਹ ਤੇ ਕਤ/ਲ ਦਾ ਮਾਮਲਾ, ਕੋਰਟ ਨੇ ਮੁਲਜ਼ਮ ਨੂੰ ਸੁਣਾਈ ਫਾਂ/ਸੀ ਦੀ ਸਜ਼ਾ
ਸਿੱਖ ਧਰਮ ਲਈ ਸ੍ਰੀ ਅੰਮ੍ਰਿਤਸਰ ਦਾ ਉਹੀ ਅਧਿਆਤਮਕ ਮਹੱਤਵ ਹੈ ਜੋ ਮੁਸਲਮਾਨਾਂ ਲਈ ਮੱਕਾ ਤੇ ਈਸਾਈਆਂ ਲਈ ਵੈਟਿਕਨ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਅੰਮ੍ਰਿਤਸਰ ਦੇ ਵਿਸ਼ਵ ਅਧਿਆਤਮਕ ਮਹੱਤਵ ਨੂੰ ਅਧਿਕਾਰਕ ਤੌਰ ‘ਤੇ ਮਾਨਤਾ ਦਿੱਤੀ ਜਾਵੇ। ਮੇਰੀ ਅਪੀਲ ਹੈ ਕਿ ਸ੍ਰੀ ਅਮ੍ਰਿਤਸਰ ਸਾਹਿਬ ਨੂੰ ‘ਯੁੱਧ ਮੁਕਤ ਖੇਤਰ’ ਐਲਾਣਨ ਲਈ ਜ਼ਰੂਰੀ ਕਦਮ ਚੁੱਕੇ ਜਾਣ। ਇਸ ਪਵਿੱਤਰ ਥਾਂ ਲਈ ਸਥਾਈ ਸੁਰੱਖਿਆ ਸਥਾਪਤ ਕਰਨ ਲਈ ਕੌਮਾਂਤਰੀ ਸੰਸਥਾਵਾਂ ਨਾਲ ਮਿਲ ਕੇ ਕੰਮ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: