ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਿਚਾਲੇ ਨੀਰਜ ਚੋਪੜਾ ਨੂੰ ਇੱਕ ਵੱਡਾ ਸਨਮਾਨ ਤੇ ਜ਼ਿੰਮੇਵਾਰੀ ਮਿਲੀ ਹੈ। ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਖਿਤਾਬ ਦਿੱਤਾ ਗਿਆ ਹੈ। ਇਹ ਜਾਣਕਾਰੀ ਭਾਰਤ ਸਰਕਾਰ ਦੇ ਅਧਿਕਾਰਤ ਕਾਨੂੰਨੀ ਦਸਤਾਵੇਜ਼, ਦਿ ਗਜ਼ਟ ਆਫ਼ ਇੰਡੀਆ ਵਿੱਚ ਦਿੱਤੀ ਗਈ ਹੈ। ਨੀਰਜ ਦੀ ਲੈਫਟੀਨੈਂਟ ਕਰਨਲ ਦੇ ਅਹੁਦੇ ‘ਤੇ ਨਿਯੁਕਤੀ 16 ਅਪ੍ਰੈਲ 2025 ਤੋਂ ਲਾਗੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਦੌਰਾਨ ਕੇਂਦਰ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਸੀ। ਇਸ ਮੁਤਾਬਕ ਭਾਰਤੀ ਫੌਜ ਮੁਖੀ ਨੂੰ ਬਿਨਾਂ ਕਿਸੇ ਵਾਧੂ ਪ੍ਰਵਾਨਗੀ ਦੇ ਲੋੜ ਪੈਣ ‘ਤੇ ਟੈਰੀਟੋਰੀਅਲ ਆਰਮੀ ਤਾਇਨਾਤ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ।
27 ਸਾਲਾ ਮਸ਼ਹੂਰ ਜੈਵਲਿਨ ਥ੍ਰੋ ਖਿਡਾਰੀ ਨੀਰਜ ਚੋਪੜਾ ਹਰਿਆਣਾ ਦੇ ਪਾਣੀਪਤ ਦੇ ਪਿੰਡ ਖੰਡਾਰਾ ਦਾ ਰਹਿਣ ਵਾਲਾ ਹੈ। ਉਸ ਨੇ 2020 ਟੋਕੀਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਉਸਨੇ 2024 ਪੈਰਿਸ ਓਲੰਪਿਕ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਨੀਰਜ ਭਾਰਤੀ ਫੌਜ ਵਿੱਚ ਸੂਬੇਦਾਰ ਮੇਜਰ ਸੀ। ਜਾਣਕਾਰੀ ਮੁਤਾਬਕ ਉਹ ਇਸ ਸਾਲ ਸੇਵਾਮੁਕਤ ਹੋਣ ਵਾਲਾ ਸੀ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਟੈਰੀਟੋਰੀਅਲ ਆਰਮੀ ਰੈਗੂਲੇਸ਼ਨਜ਼, 1948 ਦੇ ਪੈਰਾ-31 ਵੱਲੋਂ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ ਇਸ ਦੁਆਰਾ ਨੀਰਜ ਚੋਪੜਾ, ਪੀਵੀਐਸਐਮ, ਪਦਮ ਸ਼੍ਰੀ, ਵੀਐਸਐਮ, ਪਿੰਡ ਅਤੇ ਡਾਕਘਰ ਖੰਡਾਰਾ, ਪਾਣੀਪਤ, ਹਰਿਆਣਾ ਦੇ ਸਾਬਕਾ ਸੂਬੇਦਾਰ ਮੇਜਰ ਨੂੰ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਪ੍ਰਦਾਨ ਕਰਦੇ ਹਨ।
ਦੱਸ ਦੇਈਏ ਕਿ ਨੀਰਜ ਮੌਜੂਦਾ ਵਿਸ਼ਵ ਚੈਂਪੀਅਨ ਹੈ ਜਿਸਨੇ ਹੰਗਰੀ ਦੇ ਬੁਡਾਪੇਸਟ ਵਿੱਚ 2023 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਸੀ। ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ 2011 ਵਿੱਚ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਰੈਂਕ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਉਡੀਕ ਖ਼ਤਮ, ਪੰਜਾਬ ਬੋਰਡ ਭਲਕੇ ਐਲਾਣਗਾ 10ਵੀਂ ਦੇ ਨਤੀਜੇ
ਜ਼ਿਕਰਯੋਗ ਹੈ ਕਿ 9 ਅਕਤੂਬਰ, 1949 ਨੂੰ ਸਥਾਪਿਤ ਟੈਰੀਟੋਰੀਅਲ ਆਰਮੀ (ਟੀਏ) ਨੇ ਪਿਛਲੇ ਸਾਲ 75 ਸਾਲ ਪੂਰੇ ਕੀਤੇ ਸਨ। ਇਸਨੇ ਦਹਾਕਿਆਂ ਤੱਕ ਚੱਲੀ ਆਪਣੀ ਮਹੱਤਵਪੂਰਨ ਯਾਤਰਾ ਦੌਰਾਨ ਯੁੱਧ ਦੇ ਸਮੇਂ ਅਤੇ ਮਨੁੱਖਤਾਵਾਦੀ ਅਤੇ ਵਾਤਾਵਰਣ ਸੁਰੱਖਿਆ ਕਾਰਜਾਂ ਵਿੱਚ ਰਾਸ਼ਟਰ ਦੀ ਸੇਵਾ ਕੀਤੀ ਹੈ। ਇਹ ਪੂਰੀ ਤਰ੍ਹਾਂ ਰੈਗੂਲਰ ਆਰਮੀ ਨਾਲ ਜੁੜਿਆ ਹੋਇਆ ਹੈ।
ਰਾਸ਼ਟਰ ਨਿਰਮਾਣ ਦੇ ਯਤਨਾਂ ਅਤੇ ਯੁੱਧ ਜਾਂ ਟਕਰਾਅ ਦੌਰਾਨ ਕੀਤੇ ਗਏ ਯੋਗਦਾਨਾਂ ਦੇ ਸਨਮਾਨ ਵਿੱਚ ਟੈਰੀਟੋਰੀਅਲ ਆਰਮੀ ਦੇ ਕਈ ਵਿਅਕਤੀਆਂ ਨੂੰ ਬਹਾਦਰੀ ਦੇ ਨਾਲ-ਨਾਲ ਵਿਸ਼ੇਸ਼ ਸੇਵਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: