ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਨੂੰ ਵੱਡਾ ਝਟਕਾ ਦਿੰਦੇ ਹੋਏ ਇੱਕ ਅੰਤਰਿਮ ਆਦੇਸ਼ ਜਾਰੀ ਕੀਤਾ ਹੈ। ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਪਤੰਜਲੀ ਕੰਪਨੀ ਡਾਬਰ ਚਯਵਨਪ੍ਰਾਸ਼ ਵਿਰੁੱਧ ਕੋਈ ਵੀ ਗੁੰਮਰਾਹਕੁੰਨ ਜਾਂ ਨਕਾਰਾਤਮਕ ਇਸ਼ਤਿਹਾਰ ਪ੍ਰਸਾਰਿਤ ਨਾ ਕਰੇ। ਇਹ ਹੁਕਮ ਡਾਬਰ ਇੰਡੀਆ ਲਿਮਟਿਡ ਦੁਆਰਾ ਦਾਇਰ ਪਟੀਸ਼ਨ ‘ਤੇ ਸੁਣਵਾਈ ਦੌਰਾਨ ਦਿੱਤਾ ਗਿਆ ਹੈ। ਡਾਬਰ ਨੇ ਪਤੰਜਲੀ ‘ਤੇ ਆਪਣੇ ਇਸ਼ਤਿਹਾਰਾਂ ਰਾਹੀਂ ਡਾਬਰ ਚਯਵਨਪ੍ਰਾਸ਼ ਨੂੰ ਝੂਠਾ ਬਦਨਾਮ ਕਰਨ ਅਤੇ ਖਪਤਕਾਰਾਂ ਨੂੰ ਭਰਮਾਉਣ ਦਾ ਦੋਸ਼ ਲਗਾਇਆ ਹੈ।
ਦਿੱਲੀ ਹਾਈ ਕੋਰਟ ਦੇ ਜਸਟਿਸ ਮਿੰਨੀ ਪੁਸ਼ਕਰਨ ਦੀ ਅਗਵਾਈ ਵਾਲੇ ਬੈਂਚ ਨੇ ਮੰਗਲਵਾਰ ਨੂੰ ਪਤੰਜਲੀ ਆਯੁਰਵੇਦ ਵਿਰੁੱਧ ਚੱਲ ਰਹੇ ਵਿਵਾਦ ਵਿੱਚ ਡਾਬਰ ਇੰਡੀਆ ਨੂੰ ਮਹੱਤਵਪੂਰਨ ਅੰਤਰਿਮ ਰਾਹਤ ਦਿੱਤੀ। ਅਦਾਲਤ ਨੇ ਡਾਬਰ ਦੀ ਪਟੀਸ਼ਨ ਸਵੀਕਾਰ ਕਰ ਲਈ ਹੈ ਅਤੇ ਅੰਤਰਿਮ ਰਾਹਤ ਦੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 14 ਜੁਲਾਈ ਨੂੰ ਤੈਅ ਕੀਤੀ ਗਈ ਹੈ।
ਕੀ ਹੈ ਮਾਮਲਾ?
ਡਾਬਰ ਇੰਡੀਆ ਨੇ ਪਤੰਜਲੀ ਦੇ ਟੀਵੀ ਇਸ਼ਤਿਹਾਰਾਂ ‘ਤੇ ਇਤਰਾਜ਼ ਜਤਾਉਂਦੇ ਹੋਏ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜੋ ਕਥਿਤ ਤੌਰ ‘ਤੇ ਡਾਬਰ ਦੇ ਚਯਵਨਪ੍ਰਾਸ਼ ਉਤਪਾਦ ਨੂੰ ਨਿਸ਼ਾਨਾ ਬਣਾ ਰਹੇ ਸਨ। ਡਾਬਰ ਦਾ ਦੋਸ਼ ਹੈ ਕਿ ਪਤੰਜਲੀ ਨੇ ਡਾਬਰ ਦੇ ਉਤਪਾਦ ਨੂੰ ਆਮ ਕਹਿ ਕੇ ਉਸ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਤੰਜਲੀ ਦੇ ਇਸ਼ਤਿਹਾਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸ ਦਾ ਚਵਨਪ੍ਰਾਸ਼ 51 ਤੋਂ ਵੱਧ ਜੜ੍ਹੀਆਂ ਬੂਟੀਆਂ ਤੋਂ ਬਣਿਆ ਹੈ, ਜਦੋਂਕਿ ਅਸਲ ਵਿੱਚ ਇਸ ਵਿੱਚ ਸਿਰਫ਼ 47 ਜੜ੍ਹੀਆਂ ਬੂਟੀਆਂ ਹਨ। ਡਾਬਰ ਨੇ ਇਹ ਵੀ ਦੋਸ਼ ਲਗਾਇਆ ਕਿ ਪਤੰਜਲੀ ਦੇ ਉਤਪਾਦ ਵਿੱਚ ਪਾਰਾ ਪਾਇਆ ਗਿਆ ਸੀ, ਜੋ ਕਿ ਬੱਚਿਆਂ ਲਈ ਨੁਕਸਾਨਦੇਹ ਹੈ।
ਸੀਨੀਅਰ ਵਕੀਲ ਸੰਦੀਪ ਸੇਠੀ ਨੇ ਡਾਬਰ ਵੱਲੋਂ ਦਲੀਲਾਂ ਪੇਸ਼ ਕਰਦੇ ਹੋਏ ਕਿਹਾ, “ਪਤੰਜਲੀ ਨੇ ਗੁੰਮਰਾਹਕੁੰਨ ਅਤੇ ਝੂਠੇ ਦਾਅਵੇ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਇੱਕੋ-ਇੱਕ ਹੈ ਜੋ ਅਸਲੀ ਆਯੁਰਵੈਦਿਕ ਚਵਨਪ੍ਰਾਸ਼ ਬਣਾਉਂਦਾ ਹੈ, ਜਦੋਂਕਿ ਡਾਬਰ ਵਰਗੇ ਪੁਰਾਣੇ ਬ੍ਰਾਂਡ ਨੂੰ ਆਮ ਦੱਸਿਆ ਗਿਆ ਸੀ।” ਸੇਠੀ ਨੇ ਇਹ ਵੀ ਦੱਸਿਆ ਕਿ ਦਸੰਬਰ 2024 ਵਿੱਚ ਅਦਾਲਤ ਵੱਲੋਂ ਸੰਮਨ ਜਾਰੀ ਕਰਨ ਦੇ ਬਾਵਜੂਦ, ਪਤੰਜਲੀ ਨੇ ਇੱਕ ਹਫ਼ਤੇ ਵਿੱਚ 6,182 ਗੁੰਮਰਾਹਕੁੰਨ ਇਸ਼ਤਿਹਾਰ ਪ੍ਰਸਾਰਿਤ ਕੀਤੇ।
ਪਤੰਜਲੀ ਦੀ ਦਲੀਲ
ਪਤੰਜਲੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜਯੰਤ ਮਹਿਤਾ ਨੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਉਤਪਾਦ ਵਿੱਚ ਸਾਰੀਆਂ ਜੜ੍ਹੀਆਂ ਬੂਟੀਆਂ ਆਯੁਰਵੈਦਿਕ ਮਿਆਰਾਂ ਮੁਤਾਬਕ ਹਨ। ਉਤਪਾਦ ਮਨੁੱਖੀ ਖਪਤ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਵਿੱਚ ਕੋਈ ਨੁਕਸਾਨਦੇਹ ਤੱਤ ਨਹੀਂ ਪਾਏ ਗਏ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖਬਰ, 26 ਸਾਲਾਂ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ
ਵੀਡੀਓ ਲਈ ਕਲਿੱਕ ਕਰੋ -: