ਬਠਿੰਡਾ ਤੋਂ ਇੱਕ ਬੱਚੇ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਛੇਵੀਂ ਜਮਾਤ ਦਾ ਵਿਦਿਆਰਥੀ ਵੰਸ਼ ਬੀਤੇ ਕੱਲ੍ਹ ਤੋਂ ਲਾਪਤਾ ਹੈ। ਬੱਚਾ ਕੱਲ੍ਹ ਸਕੂਲ ਗਿਆ ਸੀ ਪਰ ਅਜੇ ਤੱਕ ਵਾਪਸ ਨਹੀਂ ਪਰਤਿਆ ਹੈ। ਬੱਚੇ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਆਪਣੇ ਬੱਚੇ ਦੀ ਸੁਰੱਖਿਅਤ ਵਾਪਸੀ ਲਈ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੇ ਹਨ। ਪੁਲਿਸ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।
ਬੱਚੇ ਦੇ ਪਿਤਾ ਰਾਮ ਨਰਾਇਣ ਨੇ ਦੱਸਿਆ ਕਿ ਕੱਲ੍ਹ (3 ਜੁਲਾਈ, 2025), ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਪਹਿਲੇ ਦਿਨ ਉਨ੍ਹਾਂ ਨੇ ਆਪਣੇ ਪੁੱਤਰ ਵੰਸ਼ ਨੂੰ ਆਟੋ ਰਿਕਸ਼ਾ ਰਾਹੀਂ ਸਕੂਲ ਭੇਜਿਆ ਸੀ। ਪਰ ਸਕੂਲ ਛੁੱਟੀ ਹੋਣ ਤੋਂ ਬਾਅਦ ਜਦੋਂ ਵੰਸ਼ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕੀਤੀ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਕੂਲ ਦੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਗਏ ਹਨ, ਪਰ ਅਜੇ ਤੱਕ ਵੰਸ਼ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
ਰਾਮ ਨਰਾਇਣ ਅਨੁਸਾਰ, ਸਕੂਲ ਸਟਾਫ ਦਾ ਕਹਿਣਾ ਹੈ ਕਿ ਵੰਸ਼ ਉਸ ਦਿਨ ਸਕੂਲ ਆਇਆ ਹੀ ਨਹੀਂ ਸੀ। ਇਸ ਦੇ ਉਲਟ, ਬੱਚੇ ਨੂੰ ਸਕੂਲ ਲੈ ਕੇ ਜਾਣ ਵਾਲੇ ਆਟੋ ਰਿਕਸ਼ਾ ਚਾਲਕ ਨੇ ਦੱਸਿਆ ਕਿ ਉਹ ਵੰਸ਼ ਨੂੰ ਸਕੂਲ ਦੇ ਸਮੇਂ 12 ਵਜੇ ਘਰੋਂ ਲੈ ਕੇ ਗਿਆ ਸੀ ਅਤੇ ਉਸਨੂੰ ਸਕੂਲ ਦੇ ਮੋੜ ‘ਤੇ ਛੱਡ ਕੇ ਵਾਪਸ ਆ ਗਿਆ ਸੀ। ਆਟੋ ਚਾਲਕ ਦਾ ਕਹਿਣਾ ਹੈ ਕਿ ਜਦੋਂ ਉਹ ਸ਼ਾਮ 6 ਵਜੇ ਬੱਚੇ ਨੂੰ ਲੈਣ ਲਈ ਦੁਬਾਰਾ ਸਕੂਲ ਗਿਆ ਤਾਂ ਵੰਸ਼ ਉੱਥੇ ਨਹੀਂ ਸੀ। ਉਸਨੇ ਸੋਚਿਆ ਕਿ ਸ਼ਾਇਦ ਮਾਪੇ ਬੱਚੇ ਨੂੰ ਖੁਦ ਹੀ ਲੈ ਗਏ ਹੋਣਗੇ। ਪਰ ਜਦੋਂ ਉਹ ਘਰ ਪਹੁੰਚਿਆ ਅਤੇ ਪੁੱਛਗਿੱਛ ਕੀਤੀ ਤਾਂ ਮਾਪਿਆਂ ਨੇ ਦੱਸਿਆ ਕਿ ਨਾ ਤਾਂ ਉਹ ਬੱਚੇ ਨੂੰ ਲੈ ਕੇ ਆਏ ਹਨ ਅਤੇ ਨਾ ਹੀ ਵੰਸ਼ ਘਰ ਪਹੁੰਚਿਆ ਹੈ।
ਇਹ ਵੀ ਪੜ੍ਹੋ : ਦਿਲਜੀਤ ਦੋਸਾਂਝ ਨੂੰ ਮਿਲੀ ਵੱਡੀ ਰਾਹਤ! Border-2 ਦੀ ਸ਼ੂਟਿੰਗ ‘ਤੇ ਲੱਗੀ ਪਾਬੰਦੀ ਤੋਂ ਹਟਿਆ ਬੈਨ
ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਬੱਚੇ ਦੀ ਭਾਲ ਜਾਰੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੰਸ਼ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਸਥਾਨਕ ਪੁਲਿਸ ਥਾਣੇ ਨਾਲ ਸੰਪਰਕ ਕੀਤਾ ਜਾਵੇ। ਪਰਿਵਾਰ ਨੇ ਵੀ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਵੰਸ਼ ਦੀ ਭਾਲ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: