ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਅੱਜ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਆਪਣੀ ਆਉਣ ਵਾਲੀ ਫਿਲਮ ‘ਸ਼ੌਂਕੀ ਸਰਦਾਰਾ’ ਦੀ ਰਿਲੀਜ਼ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਲਈ ਆਏ ਹਨ ਤਾਂ ਜੋ ਫਿਲਮ ਸਫਲ ਹੋ ਸਕੇ ਅਤੇ ਉਨ੍ਹਾਂ ਨੂੰ ਦਰਸ਼ਕਾਂ ਦਾ ਆਸ਼ੀਰਵਾਦ ਮਿਲੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁੱਗੂ ਗਿੱਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਾ ਉਨ੍ਹਾਂ ਦੀ ਚਿਰੋਕਣੀ ਇੱਛਾ ਸੀ ਅਤੇ ਅੱਜ ਉਨ੍ਹਾਂ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਕਿਹਾ ਕਿ ਉਹ ਅਧਿਆਤਮਕ ਊਰਜਾ ਨਾਲ ਹੁਣ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਚਾਰ ਅਤੇ ਰਿਲੀਜ਼ ਦੀਆਂ ਤਿਆਰੀਆਂ ਵਿੱਚ ਰੁੱਝ ਜਾਣਗੇ।
ਗੁੱਗੂ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਨਵੀਂ ਫਿਲਮ ‘ਸ਼ੌਂਕੀ ਸਰਦਾਰਾ’ 16 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿੱਚ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਬੱਬੂ ਮਾਨ ਅਤੇ ਗੁਰੂ ਰੰਧਾਵਾ ਦੇ ਨਾਲ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਉਹ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਉਮੀਦ ਕਰਦੇ ਹਨ ਕਿ ਇਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲੇਗਾ।
ਗੁੱਗੂ ਗਿੱਲ ਨੇ ਕਿਹਾ ਕਿ ਉਹ ਹਮੇਸ਼ਾ ਅਜਿਹੇ ਕਿਰਦਾਰਾਂ ਨੂੰ ਪਹਿਲ ਦਿੰਦੇ ਹਨ ਜੋ ਸਮਾਜ ਨੂੰ ਸਕਾਰਾਤਮਕ ਸੰਦੇਸ਼ ਦਿੰਦੇ ਹਨ। ਆਪਣੀਆਂ ਫਿਲਮਾਂ ‘ਸਿਕੰਦਰ’, ‘ਬਦਲਾ ਜੱਟੀ ਦਾ’, ‘ਜੱਟ ਤੇ ਜ਼ਮੀਨ’ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਖਾਸ ਸਨ ਕਿਉਂਕਿ ਉਨ੍ਹਾਂ ਨੇ ਇਨ੍ਹਾਂ ਵਿਚ ਚੁਣੌਤੀਪੂਰਨ ਅਤੇ ਪ੍ਰਭਾਵਸ਼ਾਲੀ ਭੂਮਿਕਾਵਾਂ ਨਿਭਾਈਆਂ ਸਨ।
ਗੁੱਗੂ ਗਿੱਲ ਨੇ ਇਹ ਵੀ ਕਿਹਾ ਕਿ ਜੇਕਰ ਭਵਿੱਖ ਵਿੱਚ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਸਿੱਖ ਇਤਿਹਾਸ ਦੇ ਮਹਾਨ ਯੋਧੇ ‘ਹਰੀ ਸਿੰਘ ਨਲਵਾ’ ’ਤੇ ਫ਼ਿਲਮ ਬਣਾਉਣਾ ਚਾਹੁਣਗੇ ਅਤੇ ਉਨ੍ਹਾਂ ਦਾ ਕਿਰਦਾਰ ਨਿਭਾਉਣਾ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੀਆਂ ਕਹਾਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦੇਣ ਲਈ ਅਹਿਮ ਰੋਲ ਅਦਾ ਕਰ ਸਕਦੀਆਂ ਹਨ।
ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਸੁਨੇਹਾ
ਪੰਜਾਬ ‘ਚ ਫੈਲ ਰਹੇ ਨਸ਼ੇ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਅਦਾਕਾਰ ਨੇ ਕਿਹਾ ਕਿ ਅੱਜ ਨਸ਼ਾ ਨੌਜਵਾਨਾਂ ਦੀ ਰਗ-ਰਗ ‘ਚ ਦਾਖਲ ਹੋ ਚੁੱਕਾ ਹੈ, ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾ ਸਕਣ।
ਇਹ ਵੀ ਪੜ੍ਹੋ : Youtuber ਦੇ ਘਰ ‘ਤੇ ਗ੍ਰਨੇਡ ਅਟੈਕ ‘ਚ ਨਿਕਲਿਆ ਫੌਜੀ ਕਨੈਕਸ਼ਨ, Insta ‘ਤੇ ਦਿੱਤੀ ਸੀ ਟ੍ਰੇਨਿੰਗ!
ਗੁੱਗੂ ਗਿੱਲ ਨੇ ਕਿਹਾ ਕਿ ਸਰਕਾਰਾਂ ਜਾਂ ਸਮਾਜ ਸੇਵੀ ਸੰਸਥਾਵਾਂ ਉਦੋਂ ਤੱਕ ਨਸ਼ਾ ਮੁਕਤ ਸਮਾਜ ਨਹੀਂ ਸਿਰਜ ਸਕਦੀਆਂ ਜਦੋਂ ਤੱਕ ਆਮ ਲੋਕ ਖੁਦ ਜਾਗਰੂਕ ਨਹੀਂ ਹੁੰਦੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕ ਜਾਗਰੂਕਤਾ ਹੀ ਨਸ਼ਿਆਂ ਤੋਂ ਮੁਕਤੀ ਦਾ ਇੱਕੋ ਇੱਕ ਰਸਤਾ ਹੈ।
ਵੀਡੀਓ ਲਈ ਕਲਿੱਕ ਕਰੋ -:
