ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਚਾਰ ਦਿਨਾਂ ਦਾ ਰਿਮਾਂਡ ਅੱਜ (6 ਜੁਲਾਈ) ਖਤਮ ਹੋ ਰਿਹਾ ਹੈ। ਵਿਜੀਲੈਂਸ ਬਿਊਰੋ ਉਨ੍ਹਾਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕਰੇਗਾ। ਇਸ ਦੇ ਨਾਲ ਹੀ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਅਤੇ ਕੋਰ ਕਮੇਟੀ ਦੇ ਮੈਂਬਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਪੁਲਿਸ ਵੱਲੋਂ ਅੱਜ ਸਵੇਰੇ ਘਰ ਵਿੱਚ ਨਜ਼ਰਬੰਦ ਕਰ ਲਏ ਜਾਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ।
ਸਵੇਰੇ ਵੱਡੇ ਤੜਕੇ ਭਾਰੀ ਪੁਲਿਸ ਫੋਰਸ ਨੇ ਸਿਕੰਦਰ ਸਿੰਘ ਮਲੂਕਾ ਦੇ ਘਰ ਨੂੰ ਘੇਰਾ ਪਾ ਲਿਆ। ਇਸ ਦੌਰਾਨ ਕਿਸੇ ਨੂੰ ਵੀ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਅਤੇ ਨਾ ਹੀ ਬਾਹਰ ਆਉਣ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮਜੀਠੀਆ ਦੀ ਪੇਸ਼ੀ ਕਰਕੇ ਮਲੂਕਾ ਨੂੰ ਡਿਟੇਨ ਕੀਤਾ ਗਿਆ ਹੈ। ਪੁਲਿਸ ਨੂੰ ਡਰ ਸੀ ਕਿ ਸਿਕੰਦਰ ਸਿੰਘ ਮਲੂਕਾ ਆਪਣੇ ਵੱਡੇ ਗਿਣਤੀ ਵਰਕਰਾਂ ਸਮੇਤ ਮੋਹਾਲੀ ਅਦਾਲਤ ਵਿੱਚ ਪੇਸ਼ੀ ਮੌਕੇ ਪਹੁੰਚਣਗੇ ਜਿਸ ਨੂੰ ਰੋਕਣ ਲਈ ਇਹ ਕਾਰਵਾਈ ਕੀਤੀ ਗਈ ਹੈ।
ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਕੁਝ ਹੋਰ ਦਿਨਾਂ ਦੇ ਰਿਮਾਂਡ ਦੀ ਮੰਗ ਕਰ ਸਕਦੀ ਹੈ। ਮਜੀਠੀਆ 26 ਜੂਨ ਤੋਂ ਵਿਜੀਲੈਂਸ ਹਿਰਾਸਤ ਵਿੱਚ ਹਨ। ਜਾਂਚ ਦੇ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਕੱਲ੍ਹ ਮਜੀਠੀਆ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਪਹੁੰਚੀ। ਇੱਥੇ ਮਜੀਠੀਆ ਪਰਿਵਾਰ ਦੀ ਸਰਾਇਆ ਡਿਸਟਿਲਰੀ ਦੀ ਜਾਂਚ ਕੀਤੀ ਗਈ। ਪਤਾ ਲੱਗਾ ਹੈ ਕਿ ਜਾਂਚ ਵਿੱਚ ਕਈ ਅਹਿਮ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਦੀ ਹੋਰ ਜਾਂਚ ਦੀ ਲੋੜ ਹੈ। ਇਸ ਆਧਾਰ ‘ਤੇ ਅੱਜ ਅਦਾਲਤ ਤੋਂ ਵਾਧੂ ਰਿਮਾਂਡ ਮੰਗਿਆ ਜਾਵੇਗਾ।
ਇਸ ਦੌਰਾਨ ਸੀਨੀਅਰ ਅਕਾਲੀ ਦਲ ਆਗੂ ਅਤੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ, ਨੁਮਾਇੰਦਿਆਂ ਅਤੇ ਕੁਝ ਮੀਡੀਆ ਚੈਨਲਾਂ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਕਲੇਰ ਨੇ ਕਿਹਾ ਕਿ ਮਜੀਠੀਆ ਵਿਰੁੱਧ ਮਨਘੜੰਤ ਅਤੇ ਝੂਠੀਆਂ ਕਹਾਣੀਆਂ ਫੈਲਾਉਣ ਵਾਲਿਆਂ ਨੂੰ ਅਦਾਲਤ ਵਿੱਚ ਜਵਾਬ ਦੇਣਾ ਪਵੇਗਾ। ਇਸ ਸਬੰਧੀ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅੱਧਾ ਹੋਇਆ ਟੋਲ ਟੈਕਸ, ਸਰਕਾਰ ਨੇ ਦਿੱਤੀ ਨੈਸ਼ਨਲ ਹਾਈਵੇ ‘ਤੇ ਗੱਡੀ ਚਲਾਉਣ ਵਾਲਿਆਂ ਨੂੰ ਰਾਹਤ
ਦੱਸ ਦੇਈਏ ਕਿ ਹਾਈ ਕੋਰਟ ਵਿੱਚ 4 ਜੁਲਾਈ ਨੂੰ ਮਜੀਠੀਆ ਦੀ ਪਟੀਸ਼ਨ ‘ਤੇ ਸੁਣਵਾਈ ਹੋਈ ਸੀ। ਇਸ ਦੌਰਾਨ ਮਜੀਠੀਆ ਦੇ ਵਕੀਲਾਂ ਨੇ ਕਿਹਾ ਕਿ ਅਦਾਲਤ ਵਿੱਚ ਇੱਕ ਨਵਾਂ ਰਿਮਾਂਡ ਆਰਡਰ ਪਹੁੰਚਿਆ ਹੈ। ਪਹਿਲੇ ਰਿਮਾਂਡ ਆਰਡਰ ‘ਤੇ 6 ਜੂਨ ਨੂੰ ਲਿਖਿਆ ਗਿਆ ਸੀ, ਜਦੋਂ ਕਿ ਦੂਜੇ ‘ਤੇ 6 ਜੁਲਾਈ ਨੂੰ। ਇਸ ਤੋਂ ਬਾਅਦ ਅਦਾਲਤ ਨੇ ਸਾਰੇ ਤੱਥਾਂ ਨੂੰ ਦੇਖਣ ਤੋਂ ਬਾਅਦ, ਮਾਮਲੇ ਦੀ ਅਗਲੀ ਸੁਣਵਾਈ 8 ਜੁਲਾਈ ਤੱਕ ਮੁਲਤਵੀ ਕਰ ਦਿੱਤੀ। ਜਦੋਂ ਕਿ ਇਸ ਦਿਨ ਮੋਹਾਲੀ ਅਦਾਲਤ ਨੇ ਸ਼ਿਮਲਾ ਅਤੇ ਦਿੱਲੀ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੇ ਆਦੇਸ਼ ਦਿੱਤੇ ਸਨ।
ਵੀਡੀਓ ਲਈ ਕਲਿੱਕ ਕਰੋ -: