ਮੋਗਾ ਜ਼ਿਲ੍ਹੇ ਦੇ ਧਰਮਕੋਟ ਕਸਬੇ ਅਧੀਨ ਪੈਂਦੇ ਪਿੰਡ ਚੱਕਤਰੇਵਾਲਾ ਵਿੱਚ ਸ਼ੁੱਕਰਵਾਰ ਸਵੇਰੇ 24 ਮਰਲੇ ਜ਼ਮੀਨ ਦੇ ਝਗੜੇ ਨੇ ਹਿੰਸਕ ਰੂਪ ਧਾਰ ਲਿਆ, ਜਿਸ ਵਿਚ 62 ਸਾਲਾਂ ਚਿਮਨ ਸਿੰਘ ਦੀ ਟਰੈਕਟਰ ਹੇਠ ਕੁਚਲ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ, ਚਿਮਨ ਸਿੰਘ ਨੇ ਇੱਕ ਸਾਲ ਪਹਿਲਾਂ ਪਿੰਡ ਦੀ ਇੱਕ ਔਰਤ ਗੁਰਦੀਪ ਕੌਰ ਦੀਪੋ ਤੋਂ ਪਿੰਡ ਵਿੱਚ 1 ਕਨਾਲ 4 ਮਰਲੇ ਜ਼ਮੀਨ ਖਰੀਦੀ ਸੀ, ਜਿਸ ਦੀ ਰਜਿਸਟਰੀ, ਜਮ੍ਹਾਬੰਦੀ ਚਮਨ ਸਿੰਘ ਦੇ ਨਾਮ ‘ਤੇ ਹੈ।
ਹਾਲਾਂਕਿ, ਜ਼ਮੀਨ ਦਾ ਕਬਜ਼ਾ ਗੁਰਦੀਪ ਕੌਰ ਦੀਪੋ ਦੇ ਭਰਾਵਾਂ ਬਲਵਿੰਦਰ ਸਿੰਘ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਕੋਲ ਸੀ। ਜਦੋਂ ਸ਼ੁੱਕਰਵਾਰ ਸਵੇਰੇ ਬਲਵਿੰਦਰ ਸਿੰਘ ਉਸ ਜ਼ਮੀਨ ‘ਤੇ ਫਸਲ ਬੀਜਣ ਲਈ ਟਰੈਕਟਰ ਲੈ ਕੇ ਪਹੁੰਚਿਆ ਤਾਂ ਚਿਮਨ ਸਿੰਘ ਨੇ ਇਸਦਾ ਵਿਰੋਧ ਕੀਤਾ। ਝਗੜਾ ਇੰਨਾ ਵੱਧ ਗਿਆ ਕਿ ਬਲਵਿੰਦਰ ਸਿੰਘ ਨੇ ਗੁੱਸੇ ਵਿੱਚ ਆ ਕੇ ਟਰੈਕਟਰ ਚਿਮਨ ਸਿੰਘ ਉੱਤੇ ਚੜ੍ਹਾ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਮਹਿੰਦਰ ਸਿੰਘ ਅਤੇ ਪਰਿਵਾਰ ਨੇ ਦੱਸਿਆ ਕਿ ਲਗਭਗ ਇੱਕ ਸਾਲ ਪਹਿਲਾਂ ਚਿਮਨ ਸਿੰਘ ਨੇ ਪਿੰਡ ਦੀ ਔਰਤ ਗੁਰਦੀਪ ਕੌਰ ਉਰਫ਼ ਦੀਪੋ ਤੋਂ 1 ਕਨਾਲ 4 ਮਰਲੇ ਜ਼ਮੀਨ ਖਰੀਦੀ ਸੀ। ਇਸ ਜ਼ਮੀਨ ਦੀ ਪੂਰੀ ਅਦਾਇਗੀ ਹੋ ਚੁੱਕੀ ਸੀ ਅਤੇ ਰਜਿਸਟਰੀ ਅਤੇ ਜਮ੍ਹਾਬੰਦੀ ਚਿਮਨ ਸਿੰਘ ਦੇ ਨਾਮ ‘ਤੇ ਰਜਿਸਟਰਡ ਹੈ।
ਹਾਲਾਂਕਿ, ਜ਼ਮੀਨ ਗੁਰਦੀਪ ਕੌਰ ਦੇ ਭਰਾਵਾਂ ਬਲਵਿੰਦਰ ਸਿੰਘ, ਪ੍ਰੀਤਮ ਸਿੰਘ ਅਤੇ ਜਸਵਿੰਦਰ ਸਿੰਘ ਦੇ ਕਬਜ਼ੇ ਵਿੱਚ ਸੀ, ਜੋ ਕਬਜ਼ਾ ਛੱਡਣ ਲਈ ਤਿਆਰ ਨਹੀਂ ਸਨ। ਪੰਚਾਇਤ ਪੱਧਰ ‘ਤੇ ਕਈ ਵਾਰ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਕਤ ਧਿਰ ਸਹਿਮਤ ਹੋਣ ਲਈ ਤਿਆਰ ਨਹੀਂ ਸੀ। ਸ਼ੁੱਕਰਵਾਰ ਨੂੰ ਬਲਵਿੰਦਰ ਸਿੰਘ, ਪ੍ਰੀਤਮ ਸਿੰਘ ਅਤੇ ਜਸਵਿੰਦਰ ਸਿੰਘ ਉਸੇ ਖੇਤ ਵਿੱਚ ਫਸਲ ਬੀਜਣ ਦੀ ਤਿਆਰੀ ਕਰ ਰਹੇ ਸਨ। ਜਦੋਂ ਚਿਮਨ ਸਿੰਘ ਨੇ ਇਸਦਾ ਵਿਰੋਧ ਕੀਤਾ ਤਾਂ ਬਹਿਸ ਹੋ ਗਈ ਅਤੇ ਬਲਵਿੰਦਰ ਸਿੰਘ ਨੇ ਟਰੈਕਟਰ ਉਸ ‘ਤੇ ਚੜ੍ਹਾ ਦਿੱਤਾ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਸੀਂ ਮੰਗ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇ ਅਤੇ ਸਾਨੂੰ ਇਨਸਾਫ਼ ਦੇਵੇ।
ਇਹ ਵੀ ਪੜ੍ਹੋ : ਹੁਣ ਨਹੀਂ ਚੱਲੇਗੀ ਕੰਪਨੀਆਂ ਦੀ ਧੋਖਾਧੜੀ, ਪੈਕ ਕੀਤੇ ਫੂਡ ਦੀ ਦੱਸਣੀ ਪਵੇਗੀ ਪੂਰੀ ਸੱਚਾਈ!
ਪਿੰਡ ਪੰਚਾਇਤ ਮੈਂਬਰ ਅਵਿਨਾਸ਼ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਜ਼ਮੀਨ ਦੀ ਰਜਿਸਟਰੀ ਅਤੇ ਜਮ੍ਹਾਬੰਦੀ ਚਿਮਨ ਸਿੰਘ ਦੇ ਨਾਮ ‘ਤੇ ਸੀ। ਉਸ ਨੇ ਦੱਸਿਆ ਕਿ ਪੰਚਾਇਤ ਨੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਲਈ ਕਈ ਵਾਰ ਕੋਸ਼ਿਸ਼ ਕੀਤੀ, ਪਰ ਬਲਵਿੰਦਰ ਸਿੰਘ ਅਤੇ ਉਸ ਦਾ ਭਰਾ ਤਿਆਰ ਨਹੀਂ ਸਨ। ਉਸ ਨੇ ਇਹ ਵੀ ਕਿਹਾ ਕਿ ਚਿਮਨ ਸਿੰਘ ਬਿਲਕੁਲ ਸਹੀ ਸੀ, ਸਾਰੇ ਦਸਤਾਵੇਜ਼ ਉਸਦੇ ਨਾਮ ‘ਤੇ ਸਨ।
ਹਸਪਤਾਲ ਆਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਪਰਿਵਾਰ ਦੇ ਬਿਆਨ ਦੇ ਆਧਾਰ ‘ਤੇ ਜੋ ਵੀ ਕਾਰਵਾਈ ਜ਼ਰੂਰੀ ਹੋਵੇਗੀ ਉਹ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: