ਪਹਿਲਗਾਮ ਹਮਲੇ ਮਗਰੋਂ ਦੇਸ਼ ਵਿਚ ਲਗਾਤਾਰ ਰੋਸ ਹੈ, ਮੋਦੀ ਸਰਕਾਰ ਵੱਲੋਂ ਵੱਡੇ ਫੈਸਲੇ ਲਏ ਜਾ ਰਹੇ ਹਨ, ਇਸੇ ਵਿਚਾਲੇ ਪਾਕਿਸਤਾਨ ਰੇਂਜਰ ਨੇ ਭਾਰਤ ਦੇ BSF ਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਦਾ ਜਵਾਨ ਪੀਕੇ ਸਿੰਘ ਗਲਤੀ ਨਾਲ ਪੰਜਾਬ ਵਿੱਚ ਬੀਐਸਐਫ ਚੌਕੀ ਜਲੋਕੇ ਦੋਨਾ ਨੇੜੇ ਜ਼ੀਰੋ ਲਾਈਨ ਪਾਰ ਕਰਕੇ ਪਾਕਿਸਤਾਨੀ ਖੇਤਰ ਵਿੱਚ ਦਾਖਲ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਸਰਹੱਦ ‘ਤੇ ਪਾਕਿ ਰੇਂਜਰਾਂ ਨੇ ਹਿਰਾਸਤ ‘ਚ ਲਿਆ।
ਪਾਕਿਸਤਾਨੀ ਮੀਡੀਆ ਨੇ ਫੌਜੀ ਨੂੰ ਹਿਰਾਸਤ ‘ਚ ਲਏ ਜਾਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇੱਕ ਫੋਟੋ ਵਿੱਚ ਫੌਜੀ ਇੱਕ ਏਕੇ-47 ਰਾਈਫਲ ਅਤੇ ਇੱਕ ਪਾਣੀ ਦੀ ਬੋਤਲ ਨਾਲ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਪੀਕੇ ਸਿੰਘ ਕੋਲਕਾਤਾ ਦੇ ਹੁਗਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ ਹੈ। ਬੀਐਸਐਫ ਦੇ ਅਧਿਕਾਰੀ ਲਗਾਤਾਰ ਪਾਕਿ ਰੇਂਜਰਾਂ ਦੇ ਸੰਪਰਕ ਵਿੱਚ ਹਨ।
ਹਾਲਾਂਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਸੈਨੀਵਾਲਾ ਵਿਖੇ ਫਲੈਗ ਮੀਟਿੰਗ ਲਈ ਪਾਕਿ ਰੇਂਜਰਜ਼ ਨਹੀਂ ਆ ਰਹੇ ਹਨ, ਜਿਸ ਕਾਰਨ ਮਾਮਲਾ ਹੱਲ ਨਹੀਂ ਹੋ ਸਕਿਆ। ਦੂਜੇ ਪਾਸੇ ਬੀਐਸਐਫ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।
ਜਾਣਕਾਰੀ ਮੁਤਾਬਕ ਫੜੇ ਗਏ ਸਿਪਾਹੀ ਦਾ ਕੁਝ ਦਿਨ ਪਹਿਲਾਂ ਤਬਾਦਲਾ ਹੋਇਆ ਸੀ। ਉਹ ਜ਼ੀਰੋ ਲਾਈਨ ਬਾਰੇ ਬਹੁਤਾ ਨਹੀਂ ਜਾਣਦਾ ਸੀ। ਬੁੱਧਵਾਰ (23 ਅਪ੍ਰੈਲ) ਨੂੰ ਸਵੇਰੇ ਕਿਸਾਨ ਕਣਕ ਦੀ ਵਾਢੀ ਕਰਨ ਲਈ ਆਪਣੀ ਕੰਬਾਈਨ ਮਸ਼ੀਨ ਨਾਲ ਖੇਤ ‘ਚ ਗਿਆ। ਇਹ ਖੇਤ ਕੰਡਿਆਲੀ ਤਾਰ ਦੇ ਗੇਟ ਨੰਬਰ-208/1 ਨੇੜੇ ਸੀ।
ਕਿਸਾਨਾਂ ‘ਤੇ ਨਜ਼ਰ ਰੱਖਣ ਲਈ ਬੀਐਸਐਫ ਦੇ ਦੋ ਜਵਾਨ ਵੀ ਉਨ੍ਹਾਂ ਦੇ ਨਾਲ ਸਨ। ਉਸੇ ਸਮੇਂ ਇੱਕ ਜਵਾਨ ਗਲਤੀ ਨਾਲ ਸਰਹੱਦ ਪਾਰ ਕਰ ਗਿਆ। ਫਿਰ ਪਾਕਿਸਤਾਨੀ ਰੇਂਜਰ ਜਲੋਕੇ ਸਥਿਤ ਬੀ.ਐਸ.ਐਫ ਦੀ ਚੈਕ ਪੋਸਟ ‘ਤੇ ਪਹੁੰਚ ਗਏ। ਉਨ੍ਹਾਂ ਨੇ ਬੀਐਸਐਫ ਜਵਾਨ ਨੂੰ ਫੜ ਲਿਆ ਅਤੇ ਉਸ ਦਾ ਹਥਿਆਰ ਵੀ ਖੋਹ ਲਿਆ।
ਇਹ ਵੀ ਪੜ੍ਹੋ : ਸਰਕਾਰ ਦੇ ਹੁਕਮਾਂ ਮਗਰੋਂ ਪਾਕਿਸਤਾਨੀਆਂ ਦੀ ਘਰ ਵਾਪਸੀ, ਅਟਾਰੀ-ਵਾਹਘਾ ਬਾਰਡਰ ‘ਤੇ ਰੋਕਿਆ ਲਾੜਾ
ਦੱਸ ਦੇਈਏ ਕਿ ਜ਼ੀਰੋ ਲਾਈਨ ਸਰਹੱਦ ਦਾ ਉਹ ਹਿੱਸਾ ਹੈ ਜਿੱਥੇ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਮਿਲਦੀਆਂ ਹਨ। ਕਿਸਾਨਾਂ ਨੂੰ ਇਸ ਥਾਂ ‘ਤੇ ਖੇਤੀ ਕਰਨ ਦੀ ਵਿਸ਼ੇਸ਼ ਇਜਾਜ਼ਤ ਮਿਲਦੀ ਹੈ। ਜਦੋਂ ਕਿਸਾਨ ਫਸਲ ਬੀਜਦੇ ਹਨ ਜਾਂ ਵੱਢਦੇ ਹਨ ਤਾਂ ਬੀਐਸਐਫ ਦੇ ਜਵਾਨ ਉਨ੍ਹਾਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਨਾਲ ਰਹਿੰਦੇ ਹਨ। ਉਨ੍ਹਾਂ ਨੂੰ ਕਿਸਾਨ ਗਾਰਡ ਵੀ ਕਿਹਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
