ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੀ ਮਦਦ ਲਈ ਰਾਸ਼ਟਰੀ ਪਰਿਵਾਰਕ ਲਾਭ ਯੋਜਨਾ ਤਹਿਤ ਘਰ ਦੇ ਕਮਾਉਣ ਵਾਲੇ ਮੁਖੀ ਦੀ ਮੌਤ ਹੋ ਜਾਣ ‘ਤੇ ਪਰਿਵਾਰ ਨੂੰ 20,000 ਰੁਪਏ ਦੀ ਇਕਮੁਸ਼ਤ ਵਿੱਤੀ ਮਦਦ ਦਿੱਤੀ ਜਾਂਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਦੀ ਮੌਤ (ਕੁਦਰਤੀ ਜਾਂ ਹੋਰ ਕਾਰਨਾਂ ਕਰਕੇ) ਹੋਣ ਦੀ ਸੂਰਤ ਵਿੱਚ ਗਰੀਬ ਪਰਿਵਾਰ ਨਿਰਧਾਰਤ ਯੋਗਤਾ ਪੂਰੀ ਕਰਨ ‘ਤੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਕੋਈ ਵੀ ਔਰਤ, ਜੋ ਘਰ ਦੀ ਆਮਦਨ ਦਾ ਸਾਧਨ ਹੈ, ਨੂੰ ਵੀ ਘਰ ਦੀ ਕਮਾਊ ਮੁਖੀ ਮੰਨਿਆ ਜਾਵੇਗਾ ਅਤੇ ਇਹ ਸਹਾਇਤਾ ਉਸ ਦੇ ਪਰਿਵਾਰ ਨੂੰ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਯੋਜਨਾ ਦੇ ਤਹਿਤ ਪਰਿਵਾਰ ਵਿੱਚ ਪਤੀ-ਪਤਨੀ, ਨਾਬਾਲਗ ਬੱਚੇ, ਕੁਆਰੀਆਂ ਲੜਕੀਆਂ ਅਤੇ ਨਿਰਭਰ ਮਾਤਾ-ਪਿਤਾ ਸ਼ਾਮਲ ਹੋਣਗੇ। ਜੇਕਰ ਇੱਕ ਕੁਆਰੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਇਹ ਸਹਾਇਤਾ ਉਸ ਦੇ ਪਰਿਵਾਰ ਵਿੱਚ ਉਸ ਦੇ ਛੋਟੇ ਭਰਾ/ਭੈਣ ਜਾਂ ਨਿਰਭਰ ਮਾਪਿਆਂ ਨੂੰ ਦਿੱਤੀ ਜਾਵੇਗੀ।
ਇਹ ਵੀ ਧਿਆਨ ਦੇਣ ਯੋਗ ਹੈ ਕਿ ਕਮਾਉਣ ਵਾਲੇ ਮੁਖੀ ਦੀ ਉਮਰ 18 ਸਾਲ ਤੋਂ ਵੱਧ ਅਤੇ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮ੍ਰਿਤਕ ਕਮਾਊ ਮੁਖੀ ਦੀ ਮੌਤ ਦੇ ਹਰੇਕ ਮਾਮਲੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਹਨ ਅਤੇ 2011 ਦੀ ਮਰਦਮਸ਼ੁਮਾਰੀ ਮੁਤਾਬਕ ਸਮਾਜਿਕ-ਆਰਥਿਕ ਜਾਤੀ ਵਰਗੀਕਰਣ ਅਧੀਨ ਆਉਂਦੇ ਹਨ, ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਮਹਿਲਾ ਦਿਵਸ : ਖਨੌਰੀ ਸਣੇ 3 ਬਾਰਡਰਾਂ ‘ਤੇ ਮਹਿਲਾ ਕਿਸਾਨ ਪੰਚਾਇਤਾਂ, ਹਰ ਕੰਮ ਔਰਤਾਂ ਦੇ ਹਵਾਲੇ
ਮੰਤਰੀ ਨੇ ਅਖੀਰ ਵਿੱਚ ਕਿਹਾ ਕਿ ਇਹ ਸਕੀਮ ਪੰਜਾਬ ਸਰਕਾਰ ਦਾ ਸਮਾਜ ਭਲਾਈ ਵੱਲ ਇੱਕ ਹੋਰ ਅਹਿਮ ਕਦਮ ਹੈ, ਜਿਸ ਦਾ ਲਾਭ ਲੈਣ ਲਈ ਯੋਗ ਵਿਅਕਤੀ ਆਪਣੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
