BCCI to hold Vijay Hazare Trophy: BCCI ਨੇ ਇੱਕ ਵੱਡਾ ਫੈਸਲਾ ਲੈਂਦਿਆਂ ਇਸ ਸਾਲ ਰਣਜੀ ਟਰਾਫੀ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ । 87 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪਹਿਲੀ ਸ਼੍ਰੇਣੀ ਘਰੇਲੂ ਟੂਰਨਾਮੈਂਟ ਰਣਜੀ ਟਰਾਫੀ ਦਾ ਆਯੋਜਨ ਨਹੀਂ ਹੋ ਸਕੇਗਾ । ਸਈਦ ਮੁਸ਼ਤਾਕ ਅਲੀ ਟੂਰਨਾਮੈਂਟ ਤੋਂ ਬਾਅਦ BCCI ਨੇ ਵਿਜੇ ਹਜ਼ਾਰੇ ਟਰਾਫੀ ਨੂੰ ਕਰਵਾਉਣ ਦਾ ਫੈਸਲਾ ਕੀਤਾ ਹੈ । ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਘਰੇਲੂ ਤਜਰਬੇਕਾਰ ਵਸੀਮ ਜਾਫਰ ਨੇ ਕਿਹਾ ਸੀ ਕਿ ਵਿਜੇ ਹਜ਼ਾਰੇ, ਦਲੀਪ ਅਤੇ ਦੇਵਧਰ ਟਰਾਫੀ ਨੂੰ ਇਸ ਸੀਜ਼ਨ ਵਿੱਚ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਉਸ ਸਮੇਂ ਦੀ ਵਰਤੋਂ ਰਣਜੀ ਟ੍ਰਾਫੀ ਦਾ ਆਯੋਜਨ ਕੀਤਾ ਜਾਣਾ ਚਾਹੀਦਾ । ਪਰ ਹੁਣ BCCI ਨੇ ਫੈਸਲਾ ਲਿਆ ਹੈ ਕਿ ਇਸ ਸੀਜ਼ਨ ਵਿੱਚ ਸਿਰਫ ਵਿਜੇ ਹਜ਼ਾਰੇ ਟਰਾਫੀ ਨੂੰ ਹੀ ਆਯੋਜਿਤ ਕਰਵਾਇਆ ਜਾਵੇਗਾ ।
ਵਿਜੇ ਹਜ਼ਾਰੇ ਟਰਾਫੀ ਤੋਂ ਇਲਾਵਾ BCCI ਮਹਿਲਾ ਸੀਨੀਅਰ ਵਨਡੇ ਟਰਾਫੀ ਤੇ ਅੰਡਰ-19 ਕ੍ਰਿਕਟ ਵਿੱਚ ਵੀਨੂ ਮਾਨਕੜ ਵਨਡੇ ਟਰਾਫੀ ਦਾ ਵੀ ਆਯੋਜਨ ਵੀ ਕਰਵਾਏਗਾ । BCCI ਦੇ ਸਕੱਤਰ ਜੈ ਸ਼ਾਹ ਨੇ ਸੂਬਾਈ ਐਸੋਸੀਏਸ਼ਨਾਂ ਨੂੰ ਲਿਖੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਇਹ ਫੈਸਲਾ ਰਾਜ ਦੀਆਂ ਐਸੋਸੀਏਸ਼ਨਾਂ ਵੱਲੋਂ ਮਿਲੀ ਫੀਡਬੈਕ ਅਤੇ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਲਿਆ ਗਿਆ ਹੈ । ਇਸ ਮੁੱਦੇ ‘ਤੇ ਸ਼ਾਹ ਨੇ ਕਿਹਾ ਕਿ ਮੈਨੂੰ ਤੁਹਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਵਿਜੇ ਹਜ਼ਾਰੇ ਟਰਾਫੀ ਦੇ ਨਾਲ-ਨਾਲ ਸੀਨੀਅਰ ਮਹਿਲਾ ਇੱਕ ਰੋਜ਼ਾ ਟੂਰਨਾਮੈਂਟ ਕਰਵਾਉਣ ਜਾ ਰਹੇ ਹਾਂ ਅਤੇ ਉਸ ਤੋਂ ਬਾਅਦ ਵੀਨੂ ਮਾਨਕਡ ਟਰਾਫੀ ਅੰਡਰ-19 ਦਾ ਆਯੋਜਨ ਕੀਤਾ ਜਾਵੇਗਾ । ਇਹ ਘਰੇਲੂ ਸੀਜ਼ਨ 2020-21 ‘ਤੇ ਤੁਹਾਡੀ ਫੀਡਬੈਕ ਮਿਲਣ ਤੋਂ ਬਾਅਦ ਤੈਅ ਕੀਤਾ ਗਿਆ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਖਤਰੇ ਦੇ ਵਿਚਕਾਰ ਭਾਰਤ ਵਿੱਚ ਪਹਿਲੀ ਵਾਰ ਇੰਟਰਨੈਸ਼ਨਲ ਸੀਰੀਜ਼ ਫਰਵਰੀ ਵਿੱਚ ਖੇਡੀ ਜਾਵੇਗੀ । ਭਾਰਤ ਅਤੇ ਇੰਗਲੈਂਡ ਵਿਚਾਲੇ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 5 ਫਰਵਰੀ ਨੂੰ ਚੇੱਨਈ ਵਿੱਚ ਖੇਡਿਆ ਜਾਵੇਗਾ । ਇਸ ਦੇ ਨਾਲ ਹੀ BCCI ਨੇ ਘਰੇਲੂ ਟੂਰਨਾਮੈਂਟ ਸਯਦ ਮੁਸ਼ਤਾਕ ਅਲੀ ਦਾ ਸਫਲਤਾਪੂਰਵਕ ਆਯੋਜਨ ਕੀਤਾ ਹੈ।
ਇਹ ਵੀ ਦੇਖੋ: ਖਾਲਸਾ ਏਡ ਦੇ ਸ਼ੈਲਟਰ ਹਾਊਸ ਦੀ ਕੀਤੀ ਬੱਤੀ ਗੁੱਲ, ਅਫਸਰ ਕਹਿੰਦੇ ਉਤੋਂ ਆਡਰ ਆਏ ਨੇ