ਭਾਰਤੀ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਲਕੱਤਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈ ਕੋਰਟ ਨੇ ਸ਼ਮੀ ਨੂੰ ਆਪਣੀ ਪਤਨੀ ਹਸੀਨ ਜਹਾਂ ਅਤੇ ਧੀ ਆਇਰਾ ਹਰ ਮਹੀਨਾ 4 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਸ਼ਮੀ ਅਤੇ ਹਸੀਨ ਜਹਾਂ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਹਨ। ਅਦਾਲਤ ਦਾ ਫੈਸਲਾ ਸੱਤ ਦਿਨ ਪਹਿਲਾਂ ਤੋਂ ਲਾਗੂ ਹੋਵੇਗਾ। ਸ਼ਮੀ ਨੂੰ ਇਹ ਰਕਮ ਗੁਜ਼ਾਰਾ ਭੱਤਾ ਵਜੋਂ ਦੇਣੀ ਪਵੇਗੀ। ਉਸ ਨੂੰ ਹਰ ਮਹੀਨੇ ਆਪਣੀ ਪਤਨੀ ਨੂੰ ਡੇਢ ਲੱਖ ਅਤੇ ਆਪਣੀ ਧੀ ਨੂੰ ਢਾਈ ਲੱਖ ਰੁਪਏ ਖਰਚਿਆਂ ਲਈ ਦੇਣੇ ਪੈਣਗੇ।
ਜੱਜ ਅਜੈ ਕੁਮਾਰ ਮੁਖਰਜੀ ਦੀ ਬੈਂਚ ਨੇ ਹਸੀਨ ਜਹਾਂ ਦੀ ਪਟੀਸ਼ਨ ‘ਤੇ ਹੁਕਮ ਪਾਸ ਕੀਤਾ ਅਤੇ ਭਾਰਤੀ ਕ੍ਰਿਕਟਰ ਨੂੰ ਹਰ ਮਹੀਨੇ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਦਿੱਤਾ। ਜੱਜ ਨੇ ਮੰਗਲਵਾਰ (1 ਜੁਲਾਈ) ਨੂੰ ਆਪਣੇ ਹੁਕਮ ਵਿੱਚ ਕਿਹਾ, “ਮੇਰੀ ਰਾਏ ਵਿੱਚ ਪਟੀਸ਼ਨਕਰਤਾ ਨੰਬਰ 1 (ਪਤਨੀ) ਨੂੰ ਪ੍ਰਤੀ ਮਹੀਨਾ 1.5 ਲੱਖ ਰੁਪਏ ਅਤੇ ਉਨ੍ਹਾਂ ਦੀ ਧੀ ਨੂੰ ਪ੍ਰਤੀ ਮਹੀਨਾ 2.5 ਲੱਖ ਰੁਪਏ ਦੇਣਾ ਦੋਵਾਂ ਦੀ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਉਚਿਤ ਹੋਵੇਗਾ।” ਅਦਾਲਤ ਨੇ ਇਹ ਵੀ ਕਿਹਾ ਕਿ ਸ਼ਮੀ ਆਪਣੀ ਧੀ ਲਈ ਤੈਅ ਰਕਮ ਤੋਂ ਵੱਧ ਸਿੱਖਿਆ ਜਾਂ ਹੋਰ ਖਰਚਿਆਂ ਲਈ ਸਵੈ-ਇੱਛਾ ਨਾਲ ਯੋਗਦਾਨ ਪਾਉਣ ਲਈ ਅਜ਼ਾਦ ਹੈ।
ਦੱਸ ਦੇਈਏ ਕਿ ਹਸੀਨ ਜਹਾਂ ਨੇ ਜ਼ਿਲ੍ਹਾ ਸੈਸ਼ਨ ਅਦਾਲਤ ਦੇ ਉਸ ਹੁਕਮ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ਵਿੱਚ ਸ਼ਮੀ ਨੂੰ 2023 ਵਿੱਚ ਆਪਣੀ ਪਤਨੀ ਨੂੰ 50,000 ਰੁਪਏ ਅਤੇ ਆਪਣੀ ਧੀ ਨੂੰ 80,000 ਰੁਪਏ ਦੇਣ ਦਾ ਹੁਕਮ ਦਿੱਤਾ ਗਿਆ ਸੀ। ਉਸ ਨੇ ਅਦਾਲਤ ਤੋਂ ਆਪਣੇ ਲਈ 7 ਲੱਖ ਰੁਪਏ ਅਤੇ ਆਪਣੀ ਧੀ ਲਈ ਪ੍ਰਤੀ ਮਹੀਨਾ 3 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ ਸੀ। ਹਸੀਨ ਜਹਾਂ 2014 ਵਿੱਚ ਸ਼ਮੀ ਨਾਲ ਵਿਆਹ ਕਰਨ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਲਈ ਇੱਕ ਮਾਡਲ ਅਤੇ ਚੀਅਰਲੀਡਰ ਵਜੋਂ ਕੰਮ ਕਰ ਚੁੱਕੀ ਹੈ। ਧੀ ਆਇਰਾ ਦਾ ਜਨਮ 2015 ਵਿੱਚ ਹੋਇਆ ਸੀ।
ਇਹ ਵੀ ਪੜ੍ਹੋ : UK ਦਾ ਵੀਜ਼ਾ ਮਿਲਣਾ ਹੋਵੇਗਾ ਔਖਾ! Visa ਨਿਯਮ ਹੋਣਗੇ ਸਖ਼ਤ, ਭਾਰਤੀਆਂ ਲਈ ਵਧਣਗੀਆਂ ਮੁਸ਼ਕਲਾਂ
ਪਤਨੀ ਨੇ 2018 ਵਿੱਚ ਸ਼ਮੀ ‘ਤੇ ਘਰੇਲੂ ਹਿੰਸਾ, ਦਾਜ ਉਤਪੀੜਨ ਦੇ ਦੋਸ਼ ਲਗਾਏ ਸਨ। ਉਦੋਂ ਤੋਂ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ। ਦੋਵੇਂ ਅਜੇ ਤੱਕ ਕਾਨੂੰਨੀ ਤੌਰ ‘ਤੇ ਵੱਖ ਨਹੀਂ ਹੋਏ ਹਨ। ਉਸ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਸ਼ਮੀ ਨੇ ਆਪਣੇ ਪਰਿਵਾਰ ਦੇ ਖਰਚਿਆਂ ਨੂੰ ਚਲਾਉਣ ਲਈ ਪੈਸੇ ਦੇਣਾ ਬੰਦ ਕਰ ਦਿੱਤਾ ਸੀ। ਉਸ ਨੇ ਸ਼ਮੀ ‘ਤੇ ਮੈਚ ਫਿਕਸਿੰਗ ਦਾ ਵੀ ਦੋਸ਼ ਲਾਇਆ ਹੈ। ਇਸ ਦੋਸ਼ ਤੋਂ ਬਾਅਦ ਬੀਸੀਸੀਆਈ ਨੇ ਤੇਜ਼ ਗੇਂਦਬਾਜ਼ ਦੇ ਕੇਂਦਰੀ ਇਕਰਾਰਨਾਮੇ ‘ਤੇ ਰੋਕ ਲਗਾ ਦਿੱਤੀ ਸੀ। ਬਾਅਦ ਵਿੱਚ ਬੋਰਡ ਨੇ ਜਾਂਚ ਕੀਤੀ ਅਤੇ ਸ਼ਮੀ ਨੂੰ ਮੈਚ ਫਿਕਸਿੰਗ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
