ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਦੁਬਈ ਵਿਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਨਿਊਜ਼ੀਲੈਂਡ ਨੇ ਬੈਟਿੰਗ ਕਰਦੇ ਹੋਏ 7 ਵਿਕਟਾਂ ਗੁਆ ਕੇ 250 ਦੌੜਾਂ ਬਣਾਈਆਂ। ਭਾਰਤ ਨੇ 49ਵੇਂ ਓਵਰ ਵਿਚ 6 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਕਪਤਾਨ ਰੋਹਿਤ ਸ਼ਰਮਾ ਨੇ 76, ਸ਼੍ਰੇਅਸ ਅਈਅਰ ਨੇ 48 ਤੇ ਕੇਐੱਲ ਰਾਹੁਲ ਨੇ 34 ਦੌੜਾਂ ਬਣਾਈਆਂ।
ਗੇਂਦਬਾਜ਼ੀ ਵਿਚ ਕੁਲਦੀਪ ਯਾਦਵ ਦਾ ਰੋਲ ਬਹੁਤ ਵੱਡਾ ਰਿਹਾ। ਉਨ੍ਹਾਂ ਨੇ 2 ਓਵਰਾਂ ਦੇ ਅੰਦਰ ਰਚਿਨ ਰਵਿੰਦਰ ਤੇ ਕੇਨ ਵਿਲੀਅਮਸਨ ਨੂੰ ਪਵੇਲੀਅਨ ਭੇਜਿਆ। ਵਰੁਣ ਚੱਕਰਵਰਤੀ ਨੇ ਵੀ 2 ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ 10 ਓਵਰਾਂ ਵਿਚ ਸਿਰਫ 30 ਦੌੜਾਂ ਦੇ ਕੇ 1 ਵਿਕਟ ਲਿਆ। ਉਨ੍ਹਾਂ ਨੇ 49ਵੇਂ ਓਵਰ ਵਿਚ ਵਿਨਿੰਗ ਬਾਊਂਡਰੀ ਲਗਾਈ।
ਭਾਰਤ ਦੀ ਇਸ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ। PM ਮੋਦੀ ਨੇ ਟਵੀਟ ਕਰਦਿਆਂ ਲਿਖਿਆ- ਇੱਕ ਬੇਮਿਸਾਲ ਖੇਡ ਅਤੇ ਇੱਕ ਬੇਮਿਸਾਲ ਨਤੀਜਾ! ਆਈਸੀਸੀ ਚੈਂਪੀਅਨਜ਼ ਟਰਾਫੀ ਘਰ ਲਿਆਉਣ ਲਈ ਸਾਡੀ ਕ੍ਰਿਕਟ ਟੀਮ ‘ਤੇ ਮਾਣ ਹੈ। ਉਨ੍ਹਾਂ ਨੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡਿਆ ਹੈ। ਸ਼ਾਨਦਾਰ ਪ੍ਰਦਰਸ਼ਨ ਲਈ ਸਾਡੀ ਟੀਮ ਨੂੰ ਵਧਾਈਆਂ।
ਇਸੇ ਤਰ੍ਹਾਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਟੀਮ ਇੰਡੀਆ ਨੂੰ ਚੈਂਪੀਅਨਜ਼ ਟਰਾਫੀ ਜਿੱਤਣ ‘ਤੇ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ “ਭਾਰਤ ਤਿੰਨ ਵਾਰ ਟਰਾਫੀ ਜਿੱਤਣ ਵਾਲੀ ਬਣੀ ਇਕਲੌਤੀ ਟੀਮ ਹੈ। ਕ੍ਰਿਕਟ ਇਤਿਹਾਸ ਰਚਣ ਲਈ ਖਿਡਾਰੀ, ਪ੍ਰਬੰਧਨ ਤੇ ਸਹਾਇਕ ਸਟਾਫ ਪ੍ਰਸ਼ੰਸਾ ਦੇ ਹੱਕਦਾਰ ਹਨ। ਮੈਂ ਭਾਰਤੀ ਕ੍ਰਿਕਟ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੀ ਹਾਂ”।
CM ਮਾਨ ਨੇ ਭਾਰਤੀ ਟੀਮ ਨੂੰ ਚੈਂਪੀਅਨਜ਼ ਟਰਾਫ਼ੀ 2025 ਦਾ ਖਿਤਾਬ ਜਿੱਤਣ ‘ਤੇ ਦਿੱਤੀ ਵਧਾਈ। ਉਨ੍ਹਾਂ ਸੋਸ਼ਲ ਮੀਡੀਆ ਹੈਂਡਲਰ ਐਕਸ ‘ਤੇ ਲਿਖਿਆ-“ਚੱਕਦੇ ਇੰਡੀਆ…ਮੈਚ ਦੌਰਾਨ ਰੋਹਿਤ ਸ਼ਰਮਾ, ਸੁਰੇਸ਼ ਅਈਯਰ ਤੇ ਰਾਹੁਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ । ਤੁਸੀਂ ਪੂਰੇ ਦੇਸ਼ ਦਾ ਮਾਣ ਹੋ”
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਟੀਮ ਨੂੰ ਜਿੱਤ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਿਹਾ ਤੁਹਾਡੇ ਵਿੱਚੋਂ ਹਰ ਇੱਕ ਨੇ ਅਰਬਾਂ ਦਿਲਾਂ ਨੂੰ ਮਾਣ ਨਾਲ ਭਰ ਦਿੱਤਾ ਹੈ। ਟੀਮ ਇੰਡੀਆ ਦਾ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ, ਸ਼ਾਨਦਾਰ ਵਿਅਕਤੀਗਤ ਪ੍ਰਦਰਸ਼ਨ ਅਤੇ ਮੈਦਾਨ ‘ਤੇ ਪੂਰਾ ਦਬਦਬਾ, ਸੱਚਮੁੱਚ ਪ੍ਰੇਰਨਾਦਾਇਕ ਰਿਹਾ ਹੈ। ਵਧਾਈਆਂ, ਚੈਂਪੀਅਨਜ਼!”
ਵੀਡੀਓ ਲਈ ਕਲਿੱਕ ਕਰੋ -:
