ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐਡਵੋਕੇਟ ਧਾਮੀ ਨੂੰ ਦੂਜੀ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ। ਸ. ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਅਕਾਲ ਪੁਰਖ, ਖਾਲਸਾ ਪੰਥ ਅਤੇ ਐਸਜੀਪੀਸੀ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚੋਣ ਵਿੱਚ ਅਕਾਲੀ ਦਲ ਵਿੱਚ ਵਿਸ਼ਵਾਸ ਪ੍ਰਗਟਾਇਆ।
ਦੂਜਾ ਟਵੀਟ ਕਰਦਿਆਂ ਸ. ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਉਨ੍ਹਾਂ ਨੂੰ ਸ਼ਰਧਾ ਅਤੇ ਨਿਮਰਤਾ ਨਾਲ ਗੁਰੂ ਖਾਲਸਾ ਪੰਥ ਦੀ ਸੇਵਾ ਕਰਦੇ ਰਹਿਣ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਨੂੰ ਅੰਦਰੋਂ ਉਜਾੜਨ ਦੀਆਂ ਤਾਕਤਾਂ ਅਤੇ ਹਾਕਮਾਂ ਉੱਪਰ ਪੰਥ ਦੀ ਜਿੱਤ ਹੈ। ਗੁੰਮਰਾਹ ਹੋਏ ਸਾਰੇ ਮੈਂਬਰਾਂ ਨੂੰ ਮੈਂ ਗੁਰੂ ਸਾਹਿਬ ਦੇ ਇਸ਼ਾਰੇ ਨੂੰ ਮੰਨਣ ਅਤੇ ਖਾਲਸਾ ਪੰਥ ਦੀ ਸ਼ਰਨ ਵਿੱਚ ਪਰਤਣ ਦੀ ਅਪੀਲ ਕਰਦਾ ਹਾਂ।
ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਲਈ ਅੱਜ ਚੋਣਾਂ ਹੋਈਆਂ, ਜਿਸ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ 104 ਵੋਟਾਂ ਨਾਲ ਕਮੇਟੀ ਦੇ ਪ੍ਰਧਾਨ ਬਣ ਗਏ ਹਨ, ਜਦਕਿ ਬੀਬੀ ਜਗੀਰ ਕੌਰ ਨੂੰ 42 ਵੋਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਚੋਣਾਂ ਵਿੱਚ ਕੁਲ 146 ਵੋਟਾਂ ਪਾਈਆਂ ਗਈਆਂ ਸਨ, ਜਿਸ ਵਿੱਚ ਐਡਵੋਕੇਟ ਧਾਮੀ ਬਹੁਮਤ ਨਾਲ ਜਿੱਤੇ ਹਨ।
ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੇ 4 ਵਾਰ ਪ੍ਰਧਾਨ ਰਹਿ ਚੁੱਕੇ ਹਨ, ਜਦਕਿ ਹਰਜਿੰਦਰ ਸਿੰਘ ਧਾਮੀ ਦੂਜੀ ਵਾਰ ਪ੍ਰਧਾਨ ਬਣੇ ਹਨ। ਦੱਸ ਦੇਈਏ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਸਦਨ ਵਿੱਚ 191 ਮੈਂਬਰ ਹਨ, ਜਿਨ੍ਹਾਂ ਵਿੱਚੋਂ 170 ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਚੁਣੇ ਗਏ ਹਨ।
15 ਮੈਂਬਰ ਦੇਸ਼ ਭਰ ਤੋਂ ਚੁਣੇ ਜਾਂਦੇ ਹਨ ਅਤੇ ਬਾਕੀ ਦੇ ਛੇ ਮੈਂਬਰ ਪੰਜ ਤਖਤ ਸਾਹਿਬਾਨਾਂ ਦੇ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਮੁੱਖ ਗ੍ਰੰਥੀ ਹਨ। ਪਰ ਇਸ ਵਾਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਿਰਫ 146 ਮੈਂਬਰ ਹੀ ਮੌਜੂਦ ਸਨ। ਚੋਣ ਦੌਰਾਨ ਸ੍ਰੀ ਅਕਾਲ ਤਖਥਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਰਹੇ।
ਵੀਡੀਓ ਲਈ ਕਲਿੱਕ ਕਰੋ -: