ਸ਼ਨੀਵਾਰ ਨੂੰ ਦੇਰ ਰਾਤ ਸਥਾਨਕ ਬਾਈਪਾਸ ’ਤੇ ਦੋ ਕਾਰਾਂ ਦੀ ਆਪਸ ਵਿੱਚ ਹੋਈ ਸਿੱਧੀ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ 4 ਹੋਰ ਵਿਅਕਤੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ’ਚ ਮੁੱਢਲੀ ਸਹਾਇਤਾ ਤੋਂ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ, ਜਿੱਥੇ ਇਨਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਛੀਵਾੜਾ ਨਿਵਾਸੀ ਇੱਕ ਪਰਿਵਾਰ ਦੀ ਲੜਕੀ ਪ੍ਰੀਤੀ ਕੌਰ ਸਮਰਾਲਾ ਨੇੜਲੇ ਪਿੰਡ ਸਿਹਾਲਾ ਵਿਖੇ ਵਿਆਹੀ ਹੋਈ ਸੀ, ਨੇ ਦੇਰ ਰਾਤ ਆਪਣੇ ਸਹੁਰੇ ਘਰ ਝਗੜਾ ਹੋਣ ’ਤੇ ਮਾਪਿਆਂ ਨੂੰ ਫੋਨ ਕਰਕੇ ਸੱਦਿਆ ਸੀ। ਪ੍ਰੀਤੀ ਦਾ ਮਾਪਾ ਪਰਿਵਾਰ ਜਿਸ ’ਚ ਉਸ ਦੀ ਮਾਤਾ, ਚਾਚਾ-ਚਾਚੀ ਅਤੇ ਇੱਕ ਹੋਰ ਗੁਆਢੀ ਕਾਰ ਵਿੱਚ ਸਵਾਰ ਹੋਕੇ ਰਾਤ ਨੂੰ ਹੀ ਆਪਣੀ ਧੀ ਦੇ ਸਹੁਰੇ ਪਰਿਵਾਰ ਪੁੱਜੇ ਅਤੇ ਉੱਥੋਂ ਆਪਣੀ ਧੀ ਪ੍ਰੀਤੀ ਨੂੰ ਨਾਲ ਲੈ ਕੇ ਰਾਤ ਕਰੀਬ 10 ਵਜੇ ਵਾਪਸ ਮਾਛੀਵਾੜਾ ਨੂੰ ਪਰਤ ਰਹੇ ਸਨ।
ਜਿਵੇਂ ਹੀ ਉਨਾਂ ਦੀ ਕਾਰ ਸਮਰਾਲਾ ਬਾਈਪਾਸ ’ਤੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਹੋਰ ਤੇਜ਼ ਰਫ਼ਤਾਰ ਕਾਰ ਨਾਲ ਸਿੱਧੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸਾਬਤ ਹੋਈ ਕਿ, ਇਸ ਹਾਦਸੇ ਵਿੱਚ ਪ੍ਰੀਤੀ ਦੀ ਮਾਂ ਚਰਨਜੀਤ ਕੌਰ (44), ਚਾਚਾ ਸਰਬਜੀਤ ਸਿੰਘ (40) ਅਤੇ ਚਾਚੀ ਰਮਨਦੀਪ ਕੌਰ (38) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਲੜਕੀ ਪ੍ਰੀਤੀ (25) ਅਤੇ ਉਸ ਦੇ ਇੱਕ ਹੋਰ ਗੁਆਂਢੀ ਮੱਖਣ ਸਿੰਘ ਸਮੇਤ ਦੂਜੀ ਕਾਰ ਵਿੱਚ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਸਿਵਲ ਹਸਪਤਾਲ ਦੇ ਐਮਰਜੇਂਸੀ ਮੈਡਕੀਲ ਅਫ਼ਸਰ ਡਾ. ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਕੋਲ ਰਾਤ ਕਰੀਬ 10 ਵਜੇ ਇਸ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਲਿਆਂਦਾ ਗਿਆ। ਜਿਨ੍ਹਾਂ ਵਿੱਚ ਤਿੰਨ ਵਿਅਕਤੀਆਂ ਦੀ ਤਾਂ ਮੌਤ ਹੋ ਚੁੱਕੀ ਸੀ। ਜਦਕਿ ਪ੍ਰੀਤੀ ਅਤੇ ਮੱਖਣ ਸਿੰਘ ਵਾਸੀ ਮਾਛੀਵਾੜਾ ਸਮੇਤ ਕੋਟਕਪੁਰਾ ਦੇ ਰਹਿਣ ਵਾਲੇ ਹੈਪੀ ਅਤੇ ਪਵਨਦੀਪ ਕੁਮਾਰ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਉਨਾਂ ਦੀ ਗੰਭੀਰ ਹਾਲਤ ਵੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਓਧਰ ਇਸ ਹਾਦਸੇ ’ਚ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ, ਦੂਜੇ ਪਾਸੇ ਤੋਂ ਆ ਰਹੀ ਕਾਰ ਦੀ ਰਫ਼ਤਾਰ ਬਹੁਤ ਤੇਜ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨਾਂ ਦੱਸਿਆ ਕਿ ਪ੍ਰੀਤੀ (25) ਦੀ ਹਾਲਤ ਵੀ ਕਾਫੀ ਗੰਭੀਰ ਬਣੀ ਹੋਈ ਹੈ। ਪਹਿਲਾ ਉਸ ਨੂੰ ਲੁਧਿਆਣਾ ਅਤੇ ਉੱਥੋਂ ਪਟਿਆਲਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ, ਪਰ ਬਾਅਦ ਵਿੱਚ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਚੰਡੀਗੜ ਪੀ.ਜੀ.ਆਈ. ਭੇਜ ਦਿੱਤਾ ਹੈ।
ਮ੍ਰਿਤਕਾਂ ਦੀ ਪਛਾਣ ਰਮਨਦੀਪ ਕੌਰ, ਚਰਨਜੀਤ ਕੌਰ, ਸਰਬਜੀਤ ਸਿੰਘ ਤਿੰਨੋਂ ਸ੍ਰੀ ਮਾਛੀਵਾੜਾ ਸਾਹਿਬ ਵਾਸੀ ਸਨ। ਗੰਭੀਰ ਤੌਰ ‘ਤੇ ਜ਼ਖਮੀ ਮੱਖਣ ਸਿੰਘ, ਪ੍ਰੀਤੀ ਰਾਣੀ, ਹੈਪੀ ਪਵਨਦੀਪ ਸਿੰਘ ਸਾਰੇ ਕੋਟਕਪੂਰਾ ਵਾਸੀ ਹਨ। ਸਾਰੇ ਜ਼ਖਮੀਆਂ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਕਾਰਵਾਈ, ਥਾਣਾ ਕੁਲਗੜੀ ਦੇ SHO ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ
ਹਾਦਸਾ ਦੇਖਦੇ ਹੀ ਰਾਹਗੀਰਾਂ ਨੇ ਜ਼ਖਮੀਆਂ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਮੌਕੇ ‘ਤੇ ਥਾਣਾ ਸਮਰਾਲਾ ਦੀ ਪੁਲਿਸ ਵੀ ਪਹੁੰਚੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਰਖਵਾ ਦਿੱਤਾ ਹੈ। ਡਾਕਟਰ ਮੁਤਾਬਕ ਮੱਖਣ ਸਿੰਘ ਦੇ ਫ੍ਰੈਕਰ, ਪ੍ਰੀਤੀ ਰਾਣੀ ਦੇ ਸਿਰ ਤੇ ਹੈਪੀ ਤੇ ਪਵਨਦੀਪ ਦੇ ਸਿਰ ‘ਚ ਸੱਟਾਂ ਲੱਗੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: