ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸ਼ੇਰਪੁਰ ਚੌਕ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ 18 ਟਾਇਰ ਟਰਾਲਾ ਅੰਮ੍ਰਿਤਸਰ ਤੋਂ ਚੌਲਾਂ ਦੀਆਂ ਬੋਰੀਆਂ ਲੱਦ ਕੇ ਜਾ ਰਹੀ ਸੀ। ਪੁਲ ‘ਤੋਂ ਕਾਰ ਟਰਾਲੇ ਕੋਲੋਂ ਲੰਘ ਰਹੀ ਸੀ। ਇਸ ਦੌਰਾਨ ਕਾਰ ਟਰਾਲੇ ਦੀ ਸਾਈਡ ‘ਤੇ ਲੱਗੇ ਜਾਲ ‘ਚ ਫਸ ਗਈ, ਜਿਸ ਕਾਰਨ ਟਰਾਲੇ ਦਾ ਸਟੀਅਰਿੰਗ ਜਾਮ ਹੋ ਗਿਆ ਅਤੇ ਪੁਲ ਤੋਂ ਹੇਠਾਂ ਡਿੱਗ ਗਿਆ।
ਜਾਣਕਾਰੀ ਮੁਤਾਬਕ ਅੱਧਾ ਟਰਾਲਾ ਪੁਲ ‘ਤੇ ਸੀ ਅਤੇ ਬਾਕੀ ਪੁਲ ਦੇ ਹੇਠਾਂ ਡਿੱਗ ਗਿਆ ਸੀ। ਟਰਾਲਾ ਪਲਟਣ ਤੋਂ ਬਾਅਦ ਚੌਲਾਂ ਦੀਆਂ ਬੋਰੀਆਂ ਸੜਕ ‘ਤੇ ਡਿੱਗ ਗਈਆਂ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਦਾ ਫਾਇਦਾ ਉਠਾਉਂਦੇ ਹੋਏ ਕੁਝ ਲੋਕਾਂ ਨੇ ਚੌਲਾਂ ਦੀਆਂ ਬੋਰੀਆਂ ਵੀ ਲੁੱਟ ਲਈਆਂ। ਇਸ ਦੇ ਨਾਲ ਹੀ ਬ੍ਰੀਜ਼ਾ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਤੋਂ ਬਾਅਦ ਟਰਾਲਾ ਚਾਲਕ ਦੇ ਸਹਾਇਕ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਉਸ ਨੂੰ ਅਤੇ ਡਰਾਈਵਰ ਨੂੰ ਕੈਬਿਨ ਤੋਂ ਬਾਹਰ ਕੱਢ ਲਿਆ। ਜ਼ਖ਼ਮੀ ਹਾਲਤ ਵਿੱਚ ਲੋਕਾਂ ਨੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ। ਲੋਕਾਂ ਵੱਲੋਂ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਹਾਦਸੇ ਤੋਂ ਕਰੀਬ ਅੱਧੇ ਘੰਟੇ ਬਾਅਦ PCR ਮੌਕੇ ’ਤੇ ਪਹੁੰਚਿਆ ਅਤੇ ਜ਼ਖ਼ਮੀ ਟਰਾਲਾ ਚਾਲਕ ਨੂੰ ਤੁਰੰਤ ਇਲਾਜ ਲਈ ਭੇਜਿਆ।
ਜ਼ਖ਼ਮੀ ਟਰਾਲਾ ਚਾਲਕ ਅਨੀਸ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਚੌਲਾਂ ਦੀਆਂ ਬੋਰੀਆਂ ਲੱਦ ਕੇ ਆਇਆ ਸੀ। ਅਨੀਸ ਅਨੁਸਾਰ ਉਸ ਨੇ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਚਾਵਲ ਪਹੁੰਚਾਉਣੇ ਸਨ। ਅਨੀਸ ਅਨੁਸਾਰ ਜਦੋਂ ਬ੍ਰੀਜ਼ਾ ਕਾਰ ਉਸ ਦੇ ਟਰਾਲੇ ਦੇ ਅਗਲੇ ਟਾਇਰ ਨਾਲ ਟਕਰਾਇਆ ਤਾਂ ਉਸ ਦਾ ਸਟੇਅਰਿੰਗ ਜਾਮ ਹੋ ਗਿਆ। ਇਸ ਕਾਰਨ ਟਰਾਲਾ ਪੁਲ ਤੋਂ ਹੇਠਾਂ ਡਿੱਗ ਗਿਆ। ਇਸ ਦੇ ਨਾਲ ਹੀ ਕੁਝ ਵਿਅਕਤੀਆਂ ਨੇ ਚੌਲਾਂ ਦੀਆਂ ਬੋਰੀਆਂ ਵੀ ਚੋਰੀ ਕਰ ਲਈਆਂ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਨੀਸ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਬੇਹੋਸ਼ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਪਤਾ ਨਹੀਂ ਲੱਗਿਆ ਕਿ ਲੋਕਾਂ ਨੇ ਟਰਾਲੀ ਵਿੱਚੋਂ ਹੋਰ ਕੀ-ਕੀ ਸਮਾਨ ਲੁੱਟਿਆ ਹੈ।
ਬ੍ਰੀਜ਼ਾ ਕਾਰ ਦੇ ਡਰਾਈਵਰ ਵਿਕਾਸ ਨੇ ਦੱਸਿਆ ਕਿ ਉਹ ਲੁਧਿਆਣਾ ਦਾ ਰਹਿਣ ਵਾਲਾ ਹੈ। ਵਿਕਾਸ ਅਨੁਸਾਰ ਟਰਾਲਾ ਚਾਲਕ ਉਨ੍ਹਾਂ ਨੂੰ ਓਵਰਟੇਕ ਕਰ ਰਿਹਾ ਸੀ। ਇਸ ਕਾਰਨ ਉਸ ਦੀ ਕਾਰ ਟਰਾਲੇ ਨਾਲ ਲੱਗੇ ਜਾਲ ਵਿੱਚ ਫਸ ਗਈ। ਵਿਕਾਸ ਵੱਲੋਂ ਘਟਨਾ ਦੀ ਜਾਂਚ ਲਈ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਸਨੇ ਕਿਹਾ ਕਿ ਜੇਕਰ ਡਰਾਈਵਰ ਨਸ਼ੇੜੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਉਕਤ ਟਰਾਲਾ ਚਾਲਕ ਕਾਰ ਚਾਲਕ ਦੀ ਗਲਤੀ ਦੱਸ ਰਿਹਾ ਹੈ। ਟਰਾਲਾ ਚਾਲਕ ਦਾ ਕਹਿਣਾ ਹੈ ਕਿ ਬ੍ਰੀਜ਼ਾ ਕਾਰ ਨੇ ਉਸ ਦੇ ਟਾਇਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਚੌਕੀ ਸ਼ੇਰਪੁਰ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਰਾਈਵਰ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: