ਚੰਡੀਗੜ੍ਹ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਉਸ ਦੇ ਪ੍ਰਸ਼ੰਸਕ ਉਸ ਨੂੰ ਭੁਲਾ ਨਹੀਂ ਸਕੇ। ਪਿੰਡ ਮੂਸੇਵਾਲਾ ਵਿੱਚ ਆਏ ਦਿਨ ਗਾਇਕ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦੀ ਭੀੜ ਲੱਗ ਰਹੀ ਹੈ। ਪਿੰਡ ਵਿੱਚ ਉਸ ਦੀ ਯਾਦਗਾਰ ਦੇ ਕੋਲ ਜਿਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਉਥੇ ਇੱਕ ਛੋਟਾ ਜਿਹਾ ਬਾਜ਼ਾਰ ਬਣ ਚੁੱਕਾ ਹੈ, ਜਿਸ ਵਿੱਚ ਇੱਕ ਦਰਜਨ ਤੋਂ ਵੱਧ ਸਟਾਲ ਸਥਾਪਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਮੂਸੇਵਾਲਾ ਨਾਲ ਸਬੰਧਤ ਸਾਮਾਨ ਦੀ ਵਿਕਰੀ ਕੀਤੀ ਜਾਂਦੀ ਹੈ। ਸਟਾਲਾਂ ਦੇ ਮਾਲਿਕ ਮੂਸੇਵਾਲਾਂ ਦੇ ਪ੍ਰਸ਼ੰਸਕਾਂ ਨਾਲ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਸਿੰਗਰ ਦੇ ਪ੍ਰਸ਼ੰਸਕ ਉਸ ਦੀ ਫੋਟੋ, ਪੋਸਟਰ, ਚੇਨ ਤੇ ਮੂਸੇਵਾਲਾ ਨਾਲ ਜੁੜੀਆਂ ਹੋਰ ਚੀਜ਼ਾਂ ਖਰੀਦਦੇ ਹਨ।
ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਵਾਲੀ ਥਾਂ ‘ਤੇ ਰੋਜ਼ਾਨਾ ਉਸ ਦੇ ਸੈਂਕੜੇ ਪ੍ਰਸ਼ੰਸਕ ਆਉਂਦੇ ਹਨ। ਆਮ ਤੌਰ ‘ਤੇ ਐਤਵਾਰ ਨੂੰ ਆਉਣ ਵਾਲੇ ਪ੍ਰਸ਼ੰਸਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਇਸ ਦਿਨ ਤੋਂ ਇੱਥੇ ਉਸ ਦੀ ਯਾਦ ਵਿੱਚ ਇੱਕ ਵੱਡਾ ਇਕੱਠ ਕੀਤਾ ਜਾਂਦਾ ਹੈ ਅਤੇ ਮੂਸੇਵਾਲਾ ਦੇ ਮਾਤਾ-ਪਿਤਾ ਪ੍ਰਸ਼ੰਸਕਾਂ ਨੂੰ ਮਿਲਦੇ ਹਨ। ਉਹ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ ਪ੍ਰਸ਼ੰਸਕਾਂ ਨਾਲ ਗੱਲਬਾਤ ਵੀ ਕਰਦੇ ਹਨ। ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਨਾ ਸਿਰਫ਼ ਨੇੜਲੇ ਜ਼ਿਲ੍ਹਿਆਂ ਤੋਂ, ਬਲਕਿ ਦੁਆਬਾ ਅਤੇ ਮਾਝਾ ਖੇਤਰਾਂ ਸਣੇ ਰਾਜ ਦੇ ਦੂਰ-ਦੁਰਾਡੇ ਦੇ ਖੇਤਰਾਂ ਤੋਂ ਵੀ ਅਤੇ ਇੱਥੋਂ ਤੱਕ ਕਿ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਆਉਂਦੇ ਹਨ।
ਜਿਸ ਖੇਤ ਵਿੱਚ ਮੂਸੇਵਾਲਾ ਦਾ ਸਸਕਾਰ ਕੀਤਾ ਗਿਆ ਸੀ, ਉਹ ਉਸਦੇ ਘਰ ਤੋਂ ਥੋੜ੍ਹੀ ਦੂਰ ਹੈ। ਇਸ ਤੱਥ ਦੇ ਬਾਵਜੂਦ ਕਿ ਪਿੰਡ ਵਿੱਚ ਇੱਕ ਸਮਰਪਿਤ ਸ਼ਮਸ਼ਾਨਘਾਟ ਹੈ, ਉਸ ਦੇ ਮਾਪਿਆਂ ਨੇ ਆਪਣੇ ਪੁੱਤਰ ਦੇ ਅੰਤਿਮ ਸੰਸਕਾਰ ਲਈ ਖੇਤਾਂ ਨੂੰ ਚੁਣਿਆ। ਸੈਲਾਨੀ ਉਸ ਜਗ੍ਹਾ ‘ਤੇ ਤਸਵੀਰਾਂ ਖਿੱਚਦੇ ਅਤੇ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ : ‘ਹਾਂ ਮੈਂ ਹੀ ਸ਼ਰਧਾ ਨੂੰ ਮਾਰਿਆ, ਕੋਈ ਅਫਸੋਸ ਨਹੀਂ’- ਪਾਲੀਗ੍ਰਾਫੀ ਟੈਸਟ ‘ਚ ਆਫ਼ਤਾਬ ਦਾ ਕਬੂਲਨਾਮਾ
ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ‘ਚ ਅਦਾਲਤ ‘ਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਪਰ ਮੂਸੇਵਾਲਾ ਦੇ ਪਿਤਾ ਇਸ ਕਤਲ ਦੇ ਮਾਸਟਰਮਾਈਂਡ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: