ਜਲੰਧਰ ਲੋਕ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਸੀਟ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਜਲੰਧਰ ਦੀ ਲੋਕ ਸਭਾ ਸੀਟ ਖਾਲੀ ਹੋ ਗਈ ਸੀ। ਅਜਿਹੇ ਵਿੱਚ ਇੱਥੋਂ ਟਿਕਟ ਦੀ ਦੌੜ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਚਰਚਾ ਵਿੱਚ ਸੀ। ਪਰ ਕਾਂਗਰਸ ਹਾਈਕਮਾਨ ਨੇ ਚੰਨੀ ਨੂੰ ਟਿਕਟ ਨਾ ਦਿੰਦੇ ਹੋਏ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਹੈ।
ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਜਿੱਥੇ ਕਾਂਗਰਸ ਦੀ ਹਾਰ ਦਾ ਦੋਸ਼ ਉਨ੍ਹਾਂ ‘ਤੇ ਲਗਾਇਆ ਗਿਆ, ਉਥੇ ਉਨ੍ਹਾਂ ਦੀ ਹੀ ਪਾਰਟੀ ਦੇ ਨੇਤਾਵਾਂ ਨੇ ਉਨ੍ਹਾਂ ‘ਤੇ ਲਗਾਤਾਰ ਸਵਾਲ ਖੜ੍ਹੇ ਕੀਤੇ, ਜਿਸ ਤੋਂ ਬਾਅਦ ਚੰਨੀ ਅਮਰੀਕਾ ਚਲੇ ਗਏ ਅਤੇ ਕਰੀਬ 9 ਮਹੀਨੇ ਉੱਥੇ ਰਹੇ। ਇਸ ਮਗਰੋਂ ਉਹ ਵਾਪਸ ਪਰਤੇ ਤਾਂ ਹੁਣ ਫਿਰ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਚਰਚਾ ‘ਚ ਹਨ। ਇੱਥੋਂ ਤੱਕ ਕਿ ਪੰਜਾਬ ਵਿਜੀਲੈਂਸ ਨੇ ਚੰਨੀ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕਰਕੇ ਉਸ ਦੇ ਵਿਦੇਸ਼ ਜਾਣ ‘ਤੇ ਪਾਬੰਦੀ ਲਗਾ ਦਿੱਤੀ ਸੀ।
ਦੂਜੇ ਪਾਸੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਉਨ੍ਹਾਂ ਖਿਲਾਫ ਸਬੂਤ ਹੋਣ ਦੀ ਗੱਲ ਕਹੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਵਿਵਾਦਾਂ ਵਿੱਚ ਘਿਰੇ ਚੰਨੀ ਨੂੰ ਟਿਕਟ ਦੇਣ ਨਾਲ ਕਾਂਗਰਸ ਮੁੜ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਨਹੀਂ ਆਉਣਾ ਚਾਹੁੰਦੀ, ਜਿਸ ਤੋਂ ਬਾਅਦ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਗਈ ਹੈ। ਉਨ੍ਹਾਂ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : PM ਸੁਰੱਖਿਆ ‘ਚ ਕੁਤਾਹੀ ਮਾਮਲੇ ‘ਚ ਐਕਸ਼ਨ ਦੀ ਤਿਆਰੀ, CM ਮਾਨ ਕੋਲ ਪਹੁੰਚੀ ਫਾਈਲ
ਅਜੇ ਤੱਕ ਚੋਣ ਕਮਿਸ਼ਨ ਵੱਲੋਂ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਉਥੇ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਪੂਰਥਲਾ ਤੋਂ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਜਲੰਧਰ ਲੋਕ ਸਭਾ ਉਪ ਚੋਣ ਲਈ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: