ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਲੁਧਿਆਣਾ ਵਿਚ ਹੋਈ ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ। ਇਸ ਮੌਕੇ CM ਮਾਨ ਨੇ ਦੱਸਿਆ ਕਿ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿਚ ਨਸ਼ਾ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਜ਼ਮੀਨੀ ਪੱਧਰ ‘ਤੇ ਕਾਮਯਾਬ ਕਰਨ ਲਈ ਡਰੱਗ ਲੈਬਾਰਟਰੀਆਂ ਵਿਚ ਪੱਕੇ ਮੁਲਾਜ਼ਮ ਭਰਤੀ ਕੀਤੇ ਜਾਣਗੇ।
ਮੁਲਾਜ਼ਮਾਂ ਦੀ ਕਮੀ ਕਾਰਨ ਲੈਬਾਰਟਰੀ ਵਿਚ ਕਈ ਕਈ ਦਿਨ ਸੈਂਪਲ ਪਏ ਰਹਿੰਦੇ ਹਨ। ਵਰਕ ਲੋਡ ਜ਼ਿਆਦਾ ਹੁੰਦਾ ਹੈ। ਜਲਦ ਨੋਟੀਫਿਕੇਸ਼ਨ ਜਾਰੀ ਕਰਕੇ ਡਰੱਗ ਲੈਬ ਵਿਚ ਮੁਲਾਜ਼ਮਾਂ ਨੂੰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਸਪੋਰਟਸ ਵਿਭਾਗ ਵਿਚ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ।
1 ਮਈ ਨੂੰ ਮਜ਼ਦੂਰਾਂ ਨੂੰ ਮਾਨ ਸਰਕਾਰ ਨਵਾਂ ਤੋਹਫਾ ਦੇਣ ਜਾ ਰਹੀ ਹੈ। ਹੁਣ ਜੇਕਰ ਕਿਸੇ ਕਿਸਾਨ ਦੀ ਫਸਲ ਖਰਾਬ ਹੁੰਦੀ ਹੈ ਤਾਂ ਉਸ ਲਈ ਕਿਸਾਨ ਦੇ ਨਾਲ-ਨਾਲ ਉਸ ਖੇਤ ਵਿਚ ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਨੂੰ ਵੀ 10 ਫੀਸਦੀ ਮੁਆਵਜ਼ਾ ਸਰਕਾਰ ਦੇਵੇਗੀ। ਵਧ ਤੋਂ ਵੱਧ ਮਜ਼ਦੂਰਾਂ ਨੂੰ ਰਜਿਸਟਰਡ ਕਰਵਾਉਣ ਲਈ ਕੰਮ ਸ਼ੁਰੂ ਕੀਤਾ ਜਾਵੇਗਾ। ਮਜ਼ਦੂਰਾਂ ਨੂੰ ਵੀ ਅਪੀਲ ਹੈ ਕਿ ਉਹ ਖੁਦ ਨੂੰ ਰਜਿਸਟਰਡ ਕਰਵਾ ਕੇ ਸਰਕਾਰੀ ਯੋਜਨਾਵਾਂ ਦਾ ਫਾਇਦਾ ਲੈਣ।
CM ਮਾਨ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਹਰ ਸੜਕ ‘ਤੇ ਟੋਲ ਪਲਾਜ਼ੇ ਹਨ ਪਰ ਸੜਕਾਂ ਟੁੱਟੀਆਂ ਹੋਈਆਂ ਹਨ. ਸਭ ਤੋਂ ਪਹਿਲਾਂ ਟੋਲ ਪਲਾਜ਼ੇ ਖਤਮ ਕੀਤੇ ਜਾਣਗੇ। ਇਸ ਦੇ ਬਾਅਦ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਲੋਕਾਂ ਨੂੰ ਰਾਹਤ ਦੇਣ ਲਈ ‘ਆਪ’ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਜਿਹੜੇ ਨੇਤਾਵਾਂ ਨੇ ਆਮਦਨ ਤੋਂ ਵਧ ਜਾਇਦਾਦ ਬਣਾਈ ਹੈ, ਵਿਜੀਲੈਂਸ ਉਸ ਦੀ ਜਾਂਚ ਵੀ ਕਰ ਰਹੀ ਹੈ। ਕਾਨੂੰਨ ਮੁਤਾਬਕ ਜਾਇਦਾਦਾਂ ਨੂੰ ਸੀਲ ਕਰਕੇ ਲੋਕ ਹਿੱਤ ਕੰਮਾਂ ਵਿਚ ਪੈਸਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਪਹਿਲਵਾਨਾਂ ਦੇ ਹੱਕ ‘ਚ ਆਏ ਨੀਰਜ ਚੋਪੜਾ, ਬੋਲੇ- ‘ਇਨਸਾਫ ਲਈ ਐਥਲੀਟਾਂ ਦਾ ਸੜਕਾਂ ‘ਤੇ ਉਤਰਨਾ ਬੇਹੱਦ ਦੁੱਖਦ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਕਾਂਗਰਸ ਚੋਣ ਇੰਚਾਰਜ ਵੋਟ ਲਈ ਲੋਕਾਂ ਨੂੰ ਪੈਸੇ ਵੰਡ ਰਹੇ ਹਨ। ਮਾਨ ਨੇ ਕਿਹਾ ਕਿ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾ ਰਹੀ ਹੈ। ਜੋ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਜਾਣ ਲੈਣ ਕਿ ਉਹ ਸ਼ਹੀਦਾਂ ਦਾ ਅਪਮਾਨ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: