ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ 1972 ਪੋਲਿੰਗ ਬੂਥਾਂ ‘ਤੇ ਮੌਕ ਪੋਲਿੰਗ ਰਾਹੀਂ ਈ.ਵੀ.ਐਮਜ਼ ਦੀ ਜਾਂਚ ਕੀਤੀ ਗਈ ਸੀ। 9 ਵਿਧਾਨ ਸਭਾ ਹਲਕਿਆਂ ਵਾਲੀ ਇਸ ਲੋਕ ਸਭਾ ਸੀਟ ‘ਤੇ 1972 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ‘ਤੇ ਜ਼ਿਲ੍ਹੇ ਦੇ 16 ਲੱਖ 21 ਹਜ਼ਾਰ ਵੋਟਰ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਇਸ ਸਾਲ ਜਨਵਰੀ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇੱਥੇ ਜ਼ਿਮਨੀ ਚੋਣ ਹੋ ਰਹੀ ਹੈ। ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।
‘ਆਪ’ ਨੇ ਸਾਬਕਾ ਵਿਧਾਇਕ ਰਿੰਕੂ ਨੂੰ ਮੈਦਾਨ ‘ਚ ਉਤਾਰਿਆ ਹੈ, ਜੋ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਪਾਰਟੀ ‘ਚ ਸ਼ਾਮਲ ਹੋਏ ਸਨ। ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ‘ਤੇ ਭਰੋਸਾ ਜਤਾਇਆ ਹੈ। ਭਾਜਪਾ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰਬੀਰ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਹੈ। ਅਕਾਲੀ ਦਲ ਨੇ ਬੰਗਾ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਸੁਖਵਿੰਦਰ ਕੁਮਾਰ ਸੁੱਖੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜੋ ਕਿ ਪੇਸ਼ੇ ਤੋਂ ਡਾਕਟਰ ਹਨ। ਅਕਾਲੀ ਦਲ ਦੇ ਉਮੀਦਵਾਰ ਨੂੰ ਆਪਣੀ ਭਾਈਵਾਲ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਹਾਸਲ ਹੈ। ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਜੰਟ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਸਿਬਿਨ ਸੀ ਨੇ ਦੱਸਿਆ ਕਿ ਸੁਰੱਖਿਆ ਲਈ ਜ਼ਿਲ੍ਹੇ ਵਿੱਚ 70 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਪਹਿਲੀ ਵਾਰ ਸਾਰੇ ਬੂਥਾਂ ‘ਤੇ ਵੈੱਬ ਕਾਸਟਿੰਗ ਹੋਵੇਗੀ। 166 ਪੋਲਿੰਗ ਸਟੇਸ਼ਨਾਂ ਦੇ ਬਾਹਰ ਵਾਧੂ ਕੈਮਰੇ ਲਗਾਏ ਗਏ ਹਨ। ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀਪੀਐਸ) ਦੀ ਵਰਤੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਲੈ ਕੇ ਜਾਣ ਵਾਲੇ 703 ਵਾਹਨਾਂ ਨੂੰ ਟਰੈਕ ਕਰਨ ਲਈ ਕੀਤੀ ਜਾਵੇਗੀ। ਹਰ ਵਿਧਾਨ ਸਭਾ ਹਲਕੇ ਵਿੱਚ ਤਿੰਨ ਫਲਾਇੰਗ ਸਕੁਐਡ ਤਾਇਨਾਤ ਕੀਤੇ ਜਾਣਗੇ। ਇਸ ਤਰ੍ਹਾਂ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 27 ਫਲਾਇੰਗ ਸੁਕਾਇਡ ਤਾਇਨਾਤ ਕੀਤੇ ਜਾਣਗੇ।
ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਸਿਬਿਨ ਸੀ ਨੇ ਦੱਸਿਆ ਕਿ 45 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚ ਨੌਂ ਪਿੰਕ ਬੂਥ ਹੋਣਗੇ, ਜਿੱਥੇ ਸਾਰੀਆਂ ਮੁਲਾਜ਼ਮ ਔਰਤਾਂ ਹੋਣਗੀਆਂ। ਵੋਟਿੰਗ ਵਿੱਚ 4839 ਈਵੀਐਮ, 2927 ਕੰਟਰੋਲ ਯੂਨਿਟ ਅਤੇ 2973 ਵੀਵੀਪੀਏਟੀ ਦੀ ਵਰਤੋਂ ਕੀਤੀ ਜਾਵੇਗੀ। ਹਰ ਪੋਲਿੰਗ ਸਟੇਸ਼ਨ ‘ਤੇ ਪੀਣ ਵਾਲਾ ਪਾਣੀ, ਟੈਂਟ, ਕੁਰਸੀਆਂ ਅਤੇ ਘੱਟੋ-ਘੱਟ ਇਕ ਵ੍ਹੀਲਚੇਅਰ ਦੀ ਸਹੂਲਤ ਲਾਜ਼ਮੀ ਕੀਤੀ ਗਈ ਹੈ।
80 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ (38,313), ਦਿਵਿਆਂਗ ਅਤੇ ਕੋਵਿਡ ਮਰੀਜ਼ਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। 888 ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਈ ਹੈ।
ਇਹ ਵੀ ਪੜ੍ਹੋ : ਇਮਰਾਨ ਖਾਨ ਦੀਆਂ ਪ੍ਰੇਮ ਕਹਾਣੀਆਂ : ਵਿਆਹ ਤੋਂ ਪਹਿਲਾਂ ਬਣ ਗਏ ਸਨ ਪਿਤਾ, ਤਿੰਨ ਪਤਨੀਆਂ ਤੇ ਇਕ ਗਰਲਫ੍ਰੈਂਡ
ਵੋਟਰ ਕਾਰਡ, ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪੈਨਸ਼ਨ ਦਸਤਾਵੇਜ਼, ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ, ਮਨਰੇਗਾ ਜੌਬ ਕਾਰਡ, ਸਿਹਤ ਬੀਮਾ ਕਾਰਡ, ਸਮਾਰਟ ਕਾਰਡ, ਸਰਕਾਰੀ ਕਰਮਚਾਰੀਆਂ ਦਾ ਆਈਡੀ ਕਾਰਡ, ਸੰਸਦ ਮੈਂਬਰ-ਵਿਧਾਇਕ ਦਾ ਅਧਿਕਾਰਤ ਪਛਾਣ ਪੱਤਰ, ਅਪੰਗਤਾ ਪਛਾਣ ਪੱਤਰ, ਇਨ੍ਹਾਂ ਵਿੱਚੋਂ ਕੋਈ ਵੀ ਪਛਾਣ-ਪੱਤਰ ਵਿਖਾ ਕੇ ਵੋਟ ਪਾਈ ਜਾ ਸਕਦੀ ਹੈ।
ਇੱਕ ਨਜ਼ਰ ਜ਼ਿਮਨੀ ਚੋਣ ‘ਤੇ
ਕੁੱਲ ਉਮੀਦਵਾਰ: 19
ਪੁਰਸ਼ ਉਮੀਦਵਾਰ: 15
ਮਹਿਲਾ ਉਮੀਦਵਾਰ: 4
ਪੋਲਿੰਗ ਸਟੇਸ਼ਨ: 1972
ਸੰਵੇਦਨਸ਼ੀਲ: 542
ਬਹੁਤ ਜ਼ਿਆਦਾ ਸੰਵੇਦਨਸ਼ੀਲ: 16
ਕੁੱਲ ਵੋਟਰ: 16,21,800
ਮਰਦ ਵੋਟਰ: 8,43,299
ਮਹਿਲਾ ਵੋਟਰ: 7,75,173
ਪਹਿਲੀ ਵਾਰ ਵੋਟਰ: 23,649
ਦਿਵਯਾਂਗ ਵੋਟਰ: 10,286
ਸੇਵਾ ਵੋਟਰ: 1851
ਟ੍ਰਾਂਸਜੈਂਡਰ ਵੋਟਰ: 41
ਐਨਆਰਆਈ ਵੋਟਰ: 73
ਵੀਡੀਓ ਲਈ ਕਲਿੱਕ ਕਰੋ -: