ਪੰਜਾਬ ਵਿੱਚ ਮੀਂਹ ਦੇ ਰੂਪ ਵਿੱਚ ਪੰਜਾਬੀਆਂ ‘ਤੇ ਕੁਦਰਤੀ ਆਫਤ ਵਰ੍ਹੀ ਹੈ। ਸੂਬੇ ਦੇ ਹਾਲਾਤ ਜਾਣਨ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਦੀ ਮੀਟਿੰਗ ਕੀਤੀ ਹੈ। ਦੂਜੇ ਪਾਸੇ ਲੁਧਿਆਣਾ ਵਿੱਚ ਬੁੱਢਾ ਦਰਿਆ ਅਤੇ ਜਲੰਧਰ ਵਿੱਚ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਬੁੱਢਾ ਦਰਿਆ ਬੰਨ੍ਹ ਟੁੱਟਣ ਕਾਰਨ ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਸੜਕ ‘ਤੇ ਆ ਗਿਆ ਪਾਣੀ। ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੇਤ ਦੀਆਂ ਬੋਰੀਆਂ ਆਦਿ ਲਗਵਾਈਆਂ। ਦਰਿਆ ’ਚੋਂ ਪਾਣੀ ਓਵਰਫਲੋ ਹੋ ਕੇ ਗੁਰੂ ਰਾਮ ਦਾਸ ਕਲੋਨੀ, CMc ਕਾਲੋਨੀ, ਪਿੰਡ ਕੱਕਾ ਆਦਿ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ’ਚ ਭਰਨਾ ਸ਼ੁਰੂ ਹੋ ਗਿਆ। ਇਲਾਕੇ ਵਿੱਚ 3 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ।
ਪਟਿਆਲਾ ਦੇ ਅਰਬਨ ਅਸਟੇਟ ਇਲਾਕੇ ਵਿੱਚ 5 ਫੁੱਟ ਤੱਕ ਪਾਣੀ ਘਰਾਂ ਵਿੱਚ ਵੜ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਲਈ ਬਣਾਈ ਗਈ ਟੀਮ ਨਹੀਂ ਪਹੁੰਚ ਸਕੀ। ਲੋਕਾਂ ਨੂੰ ਆਪ ਹੀ ਆਪਣੇ ਘਰ ਛੱਡਣੇ ਪਏ।
ਪਿੰਡ ਮਲੋਆ ਤੋਂ ਚੰਡੀਗੜ੍ਹ ਦੇ ਪਿੰਡ ਤੋਗਾ ਨੂੰ ਜਾਂਦੇ ਰਸਤੇ ‘ਤੇ ਪਟਿਆਲਾ ਦੀ ਰਾਓ ਨਦੀ ‘ਤੇ ਸਵਿਫਟ ਕਾਰ ਸਵਾਰ ਤਿੰਨੋਂ ਵਿਅਕਤੀ ਰੁੜ੍ਹ ਗਏ। ਪੁਲਿਸ ਨੇ ਬਚਾਅ ਮੁਹਿੰਮ ਦੌਰਾਨ ਤਿੰਨੋਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਉਥੇ ਹੀ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਸੁਲਤਾਨਪੁਰ ਲੋਧੀ ਨੇੜੇ ਮੰਡਾਲਾ ਵਿੱਚ ਵੀ ਧੁੱਸੀ ਬੰਨ੍ਹ ਟੁੱਟ ਗਿਆ ਹੈ। ਪਾਣੀ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਮੌਕੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਸਤਲੁਜ ਦੇ ਪਾਣੀ ਨਾਲ ਧੁੱਸੀ ਬੰਨ੍ਹ ਟੁੱਟ ਗਿਆ ਹੈ।
ਇਸ ਦੇ ਨਾਲ ਹੀ ਸਤਲੁਜ ਦਰਿਆ ਦੇ ਨਾਲ-ਨਾਲ ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਦੇ ਲੋਹੀਆਂ ਇਲਾਕੇ ‘ਚ ਲੱਖੇ ਦੀਆ ਛੰਨਾ ‘ਚ ਦੋ ਥਾਵਾਂ ‘ਤੇ ਧੁੱਸੀ ਬੰਨ੍ਹ ਟੁੱਟ ਗਿਆ। ਇਸੇ ਦੌਰਾਨ ਲੋਹੀਆਂ ‘ਚ ਪਾਣੀ ਦੇ ਤੇਜ਼ ਵਹਾਅ ‘ਚ ਫਸਿਆ ਨੌਜਵਾਨ ਆਪਣੀ ਬਾਈਕ ਕੱਢਦੇ ਸਮੇਂ ਰੁੜ੍ਹ ਗਿਆ। ਨੌਜਵਾਨ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਲੋਕਾਂ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ ਦੇਰ ਰਾਤ ਤੋਂ ਮੁਹਿੰਮ ਜਾਰੀ ਹੈ।
ਪਟਿਆਲਾ ਵਿੱਚ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਘੱਗਰ ਦਰਿਆ ਵਿੱਚ ਪਾਣੀ ਦਾ ਵਹਾਅ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪਟਿਆਲਾ ਸ਼ਹਿਰ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਹੈ। ਨੀਵੇਂ ਇਲਾਕਿਆਂ ਵਿੱਚ 5-5 ਫੁੱਟ ਤੱਕ ਪਾਣੀ ਚੜ੍ਹ ਗਿਆ ਹੈ।
ਇਸ ਦੇ ਨਾਲ ਹੀ ਭਾਖੜਾ ਡੈਮ ਵਿੱਚ ਸਿਰਫ਼ 20 ਫੁੱਟ ਦੀ ਸਮਰੱਥਾ ਬਚੀ ਹੈ। ਜੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਰਿਹਾ ਤਾਂ ਇਹ ਪੰਜਾਬ ਲਈ ਹੋਰ ਚਿੰਤਾਜਨਕ ਬਣ ਜਾਵੇਗਾ। ਇਸ ਤੋਂ ਬਾਅਦ ਮਾਝੇ ਅਤੇ ਦੁਆਬੇ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਮ ਜਾਣਗੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਭਾਖੜਾ ਡੈਮ ਇਸ ਸਮੇਂ 1621 ਫੁੱਟ ‘ਤੇ ਹੈ। ਪਿਛਲੇ ਦੋ ਦਿਨਾਂ ਵਿੱਚ ਪਾਣੀ ਦਾ ਪੱਧਰ ਕਰੀਬ 20 ਫੁੱਟ ਵੱਧ ਗਿਆ ਹੈ। ਗੇਟ ਦਾ ਪੱਧਰ 1645 ਫੁੱਟ ਹੈ। ਹੁਣ ਇੱਥੇ 20 ਫੁੱਟ ਹੋਰ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ।
ਵੀਡੀਓ ਲਈ ਕਲਿੱਕ ਕਰੋ -: