ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਟੋਰਾਂਟੋ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੌਤ ਦੀ ਖਬਰ ਤੋਂ ਸੁਣਦੇ ਹੀ ਪੂਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪੂਰਾ ਪਰਿਵਾਰ ਇਸ ਖਬਰ ਨਾਲ ਸਦਮੇ ‘ਚ ਹੈ। ਮ੍ਰਿਤਕ ਨੌਜਵਾਨ 23 ਸਾਲਾਂ ਕਰਨਵੀਰ ਸਿੰਘ ਪਿੰਡ ਘੋਗੜਾ, ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਤੇ ਆਪਣੀ ਮਾਂ ਦਾ ਇੱਕੋ-ਇੱਕ ਸਹਾਰਾ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਨੌਜਵਾਨ ਦੇ ਚਾਚਾ ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕਰਨਵੀਰ ਸਿੰਘ ਬਾਜਵਾ 4 ਸਾਲਾਂ ਤੋਂ ਪੜ੍ਹਾਈ ਲਈ ਕੈਨੇਡਾ ਗਿਆ ਹੋਇਆ ਸੀ। ਮੇਰੇ ਛੋਟੇ ਭਰਾ ਦੇ ਮੁੰਡੇ ਵੀ ਕੈਨੇਡਾ ਵਿੱਚ ਸਨ। ਜਿੱਥੇ ਚਾਰ ਸਾਲਾਂ ਬਾਅਦ ਇਹ ਸਾਰੇ ਭਰਾ ਟੋਰਾਂਟੋ ਸ਼ਹਿਰ ਵਿੱਚ ਇਕੱਠੇ ਹੋਏ। ਸਵੇਰੇ ਜਦੋਂ ਕਰਨਵੀਰ ਨੂੰ ਜਗਾਇਆ ਤਾਂ ਕਰਨਵੀਰ ਨਹੀਂ ਉਠਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਮਗਰੋਂ ਸਵੇਰੇ ਘਰੋਂ ਪੁੱਤਰਾਂ ਦਾ ਫੋਨ ਆਇਆ ਕਿ ਕਰਨਵੀਰ ਸਿੰਘ ਦੀ ਮੌਤ ਹੋ ਗਈ ਹੈ। ਖਬਰ ਸੁਣਦਿਆਂ ਹੀ ਜਿਵੇਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਰਨਵੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਅਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਮ੍ਰਿਤਕ ਕਰਨਵੀਰ ਸਿੰਘ ਦਾ ਪਿਤਾ ਜਸਵੰਤ ਸਿੰਘ ਪੰਜਾਬ ਪੁਲਿਸ ਦੇ ਵਿਜੀਲੈਂਸ ਵਿਭਾਗ ਵਿੱਚ ਨੌਕਰੀ ਕਰਦਾ ਸੀ, ਜਿਸ ਦੀ 2010 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮ੍ਰਿਤਕ ਕਰਨਵੀਰ ਸਿੰਘ ਬਾਜਵਾ ਅਤੇ ਉਸ ਦੀ ਭੈਣ ਨੂੰ ਉਨ੍ਹਾਂ ਦੇ ਮਾਂ ਤੇ ਚਾਚੇ ਨੇ ਹੀ ਪਾਲਿਆ-ਪੋਸਿਆ। ਪਰ ਹੁਣ ਪੁੱਤਰ ਦੀ ਮੌਤ ਤੋਂ ਬਾਅਦ ਮਾਂ ਦਾ ਆਖਰੀ ਸਹਾਰਾ ਵੀ ਚਲਾ ਗਿਆ।
ਇਹ ਵੀ ਪੜ੍ਹੋ : ਹਸਪਤਾਲ ‘ਚ ਭਰਤੀ ਹੋਏ ਬੀਮਾਰ ਸ਼ੁਭਮਨ ਗਿਲ, ਟੀਮ ਇੰਡੀਆ ਦੀ ਵਧੀ ਟੈਨਸ਼ਨ
ਚਾਰ ਸਾਲਾਂ ਬਾਅਦ ਸਾਰੇ ਭਰਾ ਟੋਰਾਂਟੋ ਸ਼ਹਿਰ ਵਿੱਚ ਇਕੱਠੇ ਹੋਏ ਸਨ। ਮ੍ਰਿਤਕ ਕਰਨਵੀਰ ਸਿੰਘ ਦੀ ਪੜ੍ਹਾਈ ਖਤਮ ਹੋ ਚੁੱਕੀ ਸੀ। ਉਸ ਨੇ ਪੀਆਰ ਲਈ ਦਸਤਾਵੇਜ਼ ਜਮ੍ਹਾਂ ਕਰਵਾਏ ਗਏ ਸਨ। ਚਾਚੇ ਦੇ ਬੱਚੇ ਵੀ ਕੁਝ ਸਮਾਂ ਪਹਿਲਾਂ ਕੈਨੇਡਾ ਪੜ੍ਹਨ ਲਈ ਆਏ ਸਨ। ਘਰ ਦੇ ਸਾਰੇ ਲੋਕ ਖੁਸ਼ ਸਨ ਕਿ ਸਾਰੇ ਪਰਿਵਾਰ ਦੇ ਬੱਚੇ ਇਕੱਠੇ ਹੋ ਗਏ ਸਨ। ਦੱਸ ਦੇਈਏ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਕੈਨੇਡਾ ਵਿੱਚ ਪੰਜਾਬ ਦੇ ਕਈ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: