ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਫਿਰ ਵੀ ਪਰਾਲੀ ਸਾੜਨ ਦੇ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਮਾਮਲਿਆਂ ਵਿਚਾਲੇ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਫਿਰੋਜ਼ਪੁਰ ਕੁਠਾਲਾ ਦਾ ਨੌਜਵਾਨ ਕਿਸਾਨ ਸਾਰਿਆਂ ਕਿਸਾਨਾਂ ਲਈ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਦਰਅਸਲ 26 ਸਾਲਾਂ ਕਿਸਾਨ ਗੁਰਪ੍ਰੀਤ ਸਿੰਘ ਕੁਠਾਲਾ ਝੋਨੇ ਦੀ ਪਰਾਲੀ ਤੋਂ ਚੰਗੀ ਕਮਾਈ ਕਰ ਰਿਹਾ ਹੈ।
ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 50 ਫੀਸਦੀ ਸਬਸਿਡੀ ‘ਤੇ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਾਂ ਜਿਵੇਂ ਸਟਰਾਅ ਰੇਕ ਅਤੇ ਬੇਲਰ ਖਰੀਦ ਕੇ ਮੌਕੇ ਦਾ ਪੂਰਾ ਲਾਭ ਉਠਾਇਆ। ਗੁਰਪ੍ਰੀਤ 12ਵੀਂ ਪਾਸ ਹੈ ਅਤੇ ਉਹ 40 ਏਕੜ ਜ਼ਮੀਨ ‘ਤੇ ਖੇਤੀ ਕਰਦਾ ਹੈ, ਜਿਸ ਵਿਚ 10 ਏਕੜ ਉਸਦੇ ਆਪਣੇ ਜਦੋਂਕਿ 30 ਏਕੜ ਠੇਕੇ ਉੱਤੇ ਹੈ। ਉਸ ਨੇ ਸੰਗਰੂਰ ਆਰ.ਐਨ.ਜੀ. ਬਾਇਓ ਗੈਸ ਪਲਾਂਟ, ਪੰਜਗਰਾਈਆਂ ਨਾਲ ਇਕਰਾਰਨਾਮਾ ਕਰਕੇ ਪਿਛਲੇ ਸਾਲ 12000 ਕੁਇੰਟਲ ਪਰਾਲੀ ਦੀਆਂ ਗੱਠਾਂ ਦੀ ਸਪਲਾਈ ਕਰਕੇ ਲਗਭਗ 16 ਲੱਖ ਰੁਪਏ ਕਮਾਏ ਸਨ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਨੌਜਵਾਨ ਕਿਸਾਨ ਨੂੰ ਵਧਾਈ ਦਿੰਦਿਆਂ ਸਾਰੇ ਕਿਸਾਨਾਂ ਨੂੰ ਉਸ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।
ਹੁਣ ਇਸ ਨੌਜਵਾਨ ਕਿਸਾਨ ਨੇ ਆਪਣੇ ਦੋਸਤ ਸੁਖਵਿੰਦਰ ਸਿੰਘ ਦੀ ਮਦਦ ਨਾਲ ਦੋ ਬੇਲਰ ਅਤੇ ਦੋ ਰੇਕਸ ਸਮੇਤ ਚਾਰ ਨਵੀਆਂ ਮਸ਼ੀਨਾਂ ਖਰੀਦੀਆਂ ਹਨ। ਕਿਸਾਨ ਗੁਰਪ੍ਰੀਤ ਨੇ ਦੱਸਿਆ ਕਿ ਉਸ ਨੇ ਇਸ ਸੀਜ਼ਨ ਵਿੱਚ ਸੰਗਰੂਰ ਆਰ.ਐਨ.ਜੀ. ਬਾਇਓ ਗੈਸ ਪਲਾਂਟ, ਪੰਜਗਰਾਈਆਂ ਨੂੰ 160 ਰੁਪਏ ਪ੍ਰਤੀ ਕੁਇੰਟਲ ਅਤੇ 10 ਰੁਪਏ ਪ੍ਰਤੀ ਗੱਠ ਦੀ ਢੋਆ-ਢੁਆਈ ਦੇ ਹਿਸਾਬ ਨਾਲ 18 ਹਜ਼ਾਰ ਕੁਇੰਟਲ ਪਰਾਲੀ ਦੀਆਂ ਗੱਠਾਂ ਦੀ ਸਪਲਾਈ ਲਈ ਸਮਝੌਤਾ ਸਹੀਬੱਧ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਪੁਸਵ ਬੇਲਰ, ਮਾਨਸਾ ਨਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ 5000 ਕੁਇੰਟਲ ਪਰਾਲੀ ਦੀਆਂ ਗੱਠਾਂ ਮੁਹੱਈਆ ਕਰਵਾਉਣ ਲਈ ਵੀ ਸਮਝੌਤਾ ਕੀਤਾ ਹੈ। ਉਸ ਵੱਲੋਂ ਪੰਜ ਹਜ਼ਾਰ ਕੁਇੰਟਲ ਪਰਾਲੀ ਸਥਾਨਕ ਗੁੱਜਰ ਭਾਈਚਾਰੇ ਨੂੰ ਸਪਲਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸੂਬੇ ਦੇ ਲੋਕਾਂ ਨੂੰ ਮਾਨ ਸਰਕਾਰ ਵੱਲੋਂ ਵੱਡੀ ਰਾਹਤ, ਹੁਣ ਨਹੀਂ ਕੱਟਣੇ ਪੈਣਗੇ ਸਰਕਾਰੀ ਦਫ਼ਤਰਾਂ ਦੇ ਚੱਕਰ
ਉਸ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਅਤੇ ਹੋਰ ਨੇੜਲੇ ਪਿੰਡਾਂ ਵਿੱਚੋਂ ਲਗਭਗ 20,000 ਕੁਇੰਟਲ ਗੱਠਾਂ ਸਟੋਰ ਕਰਕੇ ਇਸ ਨੂੰ ਆਫ਼ ਸੀਜ਼ਨ ਵਿੱਚ ਲਗਭਗ 280 ਰੁਪਏ ਦੇ ਹਿਸਾਬ ਨਾਲ ਪੇਪਰ ਮਿੱਲਾਂ, ਬਾਇਓ-ਸੀਐਨਜੀ ਪਲਾਂਟਾਂ ਨੂੰ ਸਪਲਾਈ ਕਰੇਗਾ। ਉਸ ਨੇ ਦੱਸਿਆ ਕਿ ਉਹ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਕਰੀਬ 1125 ਏਕੜ ਵਿੱਚੋਂ 18 ਹਜ਼ਾਰ ਕੁਇੰਟਲ ਗੱਠਾਂ ਇਕੱਠੀਆਂ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: