ਮੁਕਤਸਰ ਦੇ ਰੋਡਵੇਜ਼ ਡਿਪੂ ‘ਚ ਮਾਰਚ ਮਹੀਨੇ ‘ਚ ਲੱਖਾਂ ਦੀ ਧਾਂਦਲੀ ਮਾਮਲੇ ‘ਚ 7 ਮਹੀਨੇ ਤੱਕ ਚੱਲੀ ਜਾਂਚ ਤੋਂ ਬਾਅਦ 24.64 ਲੱਖ ਰੁਪਏ ਦੀ ਧੋਖਾਧੜੀ ਸਾਹਮਣੇ ਆਈ ਹੈ। ਇਸ ਮਾਮਲੇ ‘ਚ ਰੋਡਵੇਜ਼ ਡਿਪੂ ਦੇ ਸਸਪੈਂਡ ਚੱਲ ਰਹੇ ਸਬ-ਇੰਸਪੈਕਟਰ ਸਮੇਤ ਤਿੰਨ ਮੁਲਾਜ਼ਮਾਂ ਖਿਲਾਫ ਥਾਣਾ ਸਿਟੀ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਕੇਸ ਜੀਐਮ ਜਸਮੀਤ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਫਿਲਹਾਲ ਤਿੰਨੋਂ ਦੋਸ਼ੀ ਫਰਾਰ ਹਨ।
ਦੱਸ ਦਈਏ ਕਿ ਸ਼ੁਰੂਆਤ ‘ਚ 25 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਪਤਾ ਲੱਗਾ ਸੀ ਪਰ ਇਸ ਦੀ ਰਕਮ ਲੱਖਾਂ ‘ਚ ਹੋਣ ਦਾ ਸ਼ੱਕ ਸੀ। ਜੀਐਮ ਨੇ 23 ਮਾਰਚ ਨੂੰ ਇਸ ਮਾਮਲੇ ਵਿੱਚ ਸਬ-ਇੰਸਪੈਕਟਰ ਦਵਿੰਦਰਪਾਲ ਸਿੰਘ, ਠੇਕਾ ਮੁਲਾਜ਼ਮ ਡਾਟਾ ਐਂਟਰੀ ਆਪਰੇਟਰ ਜਸਪ੍ਰੀਤ ਸਿੰਘ ਅਤੇ ਕੰਡਕਟਰ ਨੰਬਰ ਸੱਤ ਚਰਨਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਜੀ.ਐਮ ਜਸਮੀਤ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਦਲਜੀਤ ਸਿੰਘ, ਡਾਟਾ ਐਂਟਰੀ ਆਪਰੇਟਰ ਜਸਪ੍ਰੀਤ ਸਿੰਘ ਅਤੇ ਕੰਡਕਟਰ ਚਰਨਜੀਤ ਸਿੰਘ ਦੀ ਮਿਲੀਭੁਗਤ ਨਾਲ ਮਾਈਕ੍ਰੋ ਐਫਐਕਸ ਕੰਪਨੀ ਦੇ ਸਿਸਟਮ ਟਿਕਟ ਵੇਅ ਬਿੱਲਾਂ ਨਾਲ ਛੇੜਛਾੜ ਕਰਕੇ 24 ਲੱਖ 64 ਹਜ਼ਾਰ 372 ਰੁਪਏ ਦੀ ਠੱਗੀ ਮਾਰੀ ਹੈ। ਇਹ ਦੋਸ਼ੀ ਕਾਫੀ ਸਮੇਂ ਤੋਂ ਹੇਰਾਫੇਰੀ ਕਰਦੇ ਆ ਰਹੇ ਸਨ , ਜਿਸ ਦੀ ਭਿਣਕ ਜਦੋਂ ਉਨ੍ਹਾਂ ਨੂੰ ਲੱਗੀ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਕੇ ਤਿੰਨਾਂ ਨੂੰ ਸਸਪੈਂਡ ਕਰ ਦਿੱਤਾ ਸੀ। ਹੁਣ ਪੂਰੀ ਜਾਂਚ ਕਰਨ ਤੋਂ ਬਾਅਦ ਉਕਤ ਰਕਮ ਦੀ ਧਾਂਦਲੀ ਸਾਹਮਣੇ ਆਈ ਹੈ।
ਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਖ਼ਿਲਾਫ਼ ਧਾਰਾ 409 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਨਵਾਂਸ਼ਹਿਰ ‘ਚ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਦਬੋਚਿਆ, ਕੇਸ ਦਰਜ ਕਰਨ ਦੀ ਧਮਕੀ ਦੇ ਮੰਗੇ ਪੈਸੇ
ਸੂਤਰਾਂ ਮੁਤਾਬਕ ਜਦੋਂ ਇਸ ਧਾਂਦਲੀ ਦੀ ਸੂਚਨਾ ਅਧਿਕਾਰੀਆਂ ਦੇ ਧਿਆਨ ਵਿੱਚ ਆਈ ਤਾਂ ਤਿੰਨੇ ਮੁਲਾਜ਼ਮ ਇੰਨੇ ਚਲਾਕ ਸਨ ਕਿ ਉਨ੍ਹਾਂ ਨੂੰ ਜਾਂਚ ਦਾ ਪਤਾ ਲੱਗਦਿਆਂ ਹੀ ਪੁਰਾਣਾ ਡਾਟਾ ਡਿਲੀਟ ਕਰ ਦਿੱਤਾ। ਜੀਐਮ ਜਸਮੀਤ ਸਿੰਘ ਨੇ ਤਿੰਨਾਂ ਤੋਂ ਪੁੱਛਗਿੱਛ ਕੀਤੀ ਤਾਂ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ, ਜਿਸ ਤੋਂ ਬਾਅਦ ਜਦੋਂ ਮਾਮਲਾ ਸ਼ੱਕੀ ਲੱਗਦਾ ਤਾਂ ਜੀ.ਐਮ ਨੇ ਤਿੰਨਾਂ ਨੂੰ ਮੁਅੱਤਲ ਕਰਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ। 28 ਮਾਰਚ ਨੂੰ ਰੋਡਵੇਜ਼ ਦੇ ਮੁੱਖ ਦਫ਼ਤਰ ਐਸ.ਏ.ਐਸ.ਨਗਰ ਤੋਂ ਇੱਕ ਟੀਮ ਜਾਂਚ ਲਈ ਪਹੁੰਚੀ ਸੀ ਅਤੇ ਅਧਿਕਾਰੀਆਂ ਨੂੰ ਝਾੜ ਪਾਈ ਸੀ। ਉਸ ਤੋਂ ਬਾਅਦ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਸੀ। ਸੱਤ ਮਹੀਨਿਆਂ ਬਾਅਦ ਧਾਂਦਲੀ ਦੀ ਰਕਮ ਕਲੀਅਰ ਕਰ ਦਿੱਤੀ ਗਈ ਅਤੇ ਤਿੰਨਾਂ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ : –