ਚੰਡੀਗੜ੍ਹ ਵਿਚ 29 ਅਕਤੂਬਰ ਤੋਂ ਬੰਦ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਅੱਜ ਤੋਂ ਫਿਰ ਸ਼ੁਰੂ ਹੋ ਜਾਵੇਗੀ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਤਹਿਤ ਦੋਪਹੀਆ ਵਾਹਨਾਂ ਦੇ ਰਜਿਸਟ੍ਰੇਸ਼ਨ ‘ਤੇ ਲੱਗੀ ਕੈਂਪਿੰਗ ਨੂੰ ਤਿਓਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਗੁਰਪੁਰਬ ਯਾਨੀ 27 ਨਵੰਬਰ ਤੱਕ ਹਟਾ ਦਿੱਤਾ ਹੈ।
ਦੱਸ ਦੇਈਏ ਕਿ ਪਿਛਲੇ ਕਈ ਲੋਕਾਂ ਨੇ ਚੰਡੀਗੜ੍ਹ ਵਿਚ ਦੋਪਹੀਆ ਵਾਹਨ ਖਰੀਦਣ ਲਈ ਬੁਕਿੰਗ ਕਰਾਈ ਹੋਈ ਸੀ ਪਰ ਰਜਿਸਟ੍ਰੇਸ਼ਨ ਬੰਦ ਹੋਣ ਕਾਰਨ ਉਹ ਡਲਿਵਰੀ ਨਹੀਂ ਲੈ ਪਾ ਰਹੇ ਸਨ। ਅੱਜ ਲਗਭਗ 400 ਵਾਹਨਾਂ ਦਾ ਰਜਿਸਟ੍ਰੇਸ਼ਨ ਹੋਣ ਦੀ ਸੰਭਾਵਨਾ ਹੈ।
ਯੂ.ਟੀ. ਪ੍ਰਸ਼ਾਸਨ ਨੇ ਅਜੇ ਦੀਵਾਲੀ ਤੇ ਗੁਰਪੁਰਬ ਨੂੰ ਲੈ ਕੇ ਇਹ ਫੈਸਲਾ ਲਿਆ ਹੈ। ਨਾਲ ਹੀ ਫੈਸਲੇ ਦੀ ਸ਼ਰਤ ਮੁਤਾਬਕ ਸਿਰਫ 27 ਨਵੰਬਰ ਤੱਕ ਹੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਮਿਲੀ ਹੈ। ਉਸ ਦੇ ਬਾਅਦ ਦੁਬਾਰਾ ਤੋਂ ਰਿਵਿਊ ਮੀਟਿੰਗ ਕਰਕੇ ਕੈਂਪਿੰਗ ਸਿਸਟਮ ਲਾਗੂ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਨਵੇਂ ਸਾਲ ‘ਤੇ ਦੋ ਪਹੀਆ ਵਾਹਨ ਖਰੀਦਣ ਵਾਲਿਆਂ ਨੂੰ ਫਿਰ ਤੋਂ ਮੁਸ਼ਕਲ ਆ ਸਕਦੀ ਹੈ।
ਸਤੰਬਰ 2022 ਵਿਚ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਲਾਗੂ ਹੋਣ ਦੇ ਬਾਅਦ ਇਹ ਤੀਜੀ ਵਾਰ ਹੈ ਜਦੋਂ ਇਸ ਵਿਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 6 ਅਕਤੂਬਰ ਨੂੰ ਵੀ ਈਵੀ ਪਾਲਿਸੀ ਵਿਚ ਕੈਂਪਿੰਗ ਦੇ ਕਾਰਨ ਰਜਿਸਟ੍ਰੇਸ਼ਨ ਬੰਦ ਹੋ ਗਈ ਸੀ। ਸ਼ਹਿਰ ਭਰ ਵਿਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦੇ ਬਾਅਦ 18 ਅਕਤੂਬਰ ਨੂੰ ਰਜਿਸਟ੍ਰੇਸ਼ਨ ਦੇ ਲਈ 10 ਫੀਸਦੀ ਕੋਟਾ ਵਧਾਇਆ ਗਿਆ ਸੀ।ਉਹ ਵੀ 29 ਅਕਤੂਬਰ ਨੂੰ ਖਤਮ ਹੋ ਗਿਆ ਸੀ। ਹੁਣ 29 ਅਕਤੂਬਰ ਤੋਂ ਰਜਿਸਟ੍ਰੇਸ਼ਨ ਬੰਦ ਸੀ।
ਪੂਰੇ ਦੇਸ਼ ਵਿਚ ਕੇਂਦਰ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਪਰ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਤਹਿਤ ਕੈਪਿੰਗ ਲਗਾਉਣ ਵਾਲਾ ਚੰਡੀਗੜ੍ਹ ਪਹਿਲਾ ਸੂਬਾ ਹੈ। ਹੁਣ ਤੱਕ ਕਿਸੇ ਵੀ ਸੂਬੇ ਵਿਚ ਇਸ ਤਰ੍ਹਾਂਦੀ ਪਾਲਿਸੀ ਨਹੀਂ ਲਾਈ ਗਈ।