ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਦੇ ਅਨੁਸੂਚਿਤ ਜਾਤੀ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਇਸ ਦਿਸ਼ਾ ‘ਚ ਕੰਮ ਕਰਦੇ ਸ੍ਰੀ ਜਸਵੀਰ ਸਿੰਘ ਪੁੱਤਰ ਸ੍ਰੀ ਨਿਸ਼ਾਨ ਸਿੰਘ ਵਾਸੀ ਘਨੌਰ, ਤਹਿਸੀਲ ਜਿਲਾ ਪਟਿਆਲਾ (ਈ.ਟੀ.ਟੀ ਟੀਚਰ ਤਾਇਨਾਤੀ ਬਲਟਾਣਾ ਜੀਰਕਪੁਰ ਐਸ.ਏ.ਐਸ ਨਗਰ) ਦਾ ਜਾਅਲੀ ਪੱਛੜੀ ਸ਼੍ਰੇਣੀ ਸਰਟੀਫਿਕੇਟ ਅਤੇ ਪੰਚ ਮਿੱਠੂ ਰਾਮ ਪੁੱਤਰ ਸ੍ਰੀ ਜਾਨੀ ਰਾਮ ਪਿੰਡ ਸੁਰਲ ਕਲਾਂ, ਜ਼ਿਲ੍ਹਾ ਪਟਿਆਲਾ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਸਰਕਾਰ ਪੱਧਰ ‘ਤੇ ਗਠਿਤ ਰਾਜ ਪੱਧਰੀ ਸਕਰੂਟਨੀ ਕਮੇਟੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ।
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਆਲਮਪੁਰ, ਪਟਿਆਲਾ ਨੇ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਸਵੀਰ ਸਿੰਘ ਹਰਿਆਣਾ ਤੋਂ ਆ ਕੇ ਵਿਆਹ ਤੋਂ ਬਾਅਦ ਇੱਥੋਂ ਦਾ ਵਸਨੀਕ ਬਣਿਆ ਹੈ ਅਤੇ ਉਸ ਵੱਲੋਂ ਪੰਜਾਬ ਰਾਜ ਦਾ ਪੱਛੜੀ ਸ਼੍ਰੇਣੀ ਸਰਟੀਫਿਕੇਟ ਬਣਾਇਆ ਗਿਆ ਹੈ। ਇਸ ਸਰਟੀਫਿਕੇਟ ਦੇ ਆਧਾਰ ‘ਤੇ ਹੀ ਉਸ ਨੇ ਸਿੱਖਿਆ ਵਿਭਾਗ ਵਿਚ ਟੀਚਰ ਦੀ ਨੌਕਰੀ ਹਾਸਲ ਕੀਤੀ ਹੋਈ ਹੈ। ਬਲਵੀਰ ਸਿੰਘ ਵੱਲੋਂ ਜਸਵੀਰ ਸਿੰਘ ਦਾ ਜਾਅਲੀ ਸਰਟੀਫਿਕੇਟ ਰੱਦ ਕਰਨ ਦੀ ਗੱਲ ਕਹੀ ਗਈ ਸੀ।
ਇਸੇ ਤਰ੍ਹਾਂ ਪਾਲਾ ਸਿੰਘ, ਜਸਵਿੰਦਰ ਸਿੰਘ ਅਤੇ ਹਰਨੀਤ ਸਿੰਘ ਸਾਰੇ ਵਾਸੀ ਪਿੰਡ ਸੁਰਲ ਕਲਾਂ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵੱਲੋਂ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿੱਠੂ ਰਾਮ ਪੁੱਤਰ ਜਾਨੀ ਰਾਮ ਪੰਚ ਗ੍ਰਾਮ ਪੰਚਾਇਤ, ਸੁਰਲ ਕਲਾਂ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਰਾਜਪੂਤ ਜਾਤੀ ਨਾਲ ਸਬੰਧ ਰੱਖਦਾ ਹੈ, ਪਰ ਉਸ ਵੱਲੋਂ ਅਨੁਸੂਚਿਤ ਜਾਤੀ (ਉਡ) ਦਾ ਸਰਟੀਫਿਕੇਟ ਬਣਾਇਆ ਗਿਆ ਹੈ। ਇਸੇ ਦੇ ਆਧਾਰ ‘ਤੇ ਉਹ ਪਿੰਡ ਦਾ ਪੰਚ ਚੁਣਿਆ ਗਿਆ ਸੀ। ਉਸ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਦੋਵੇਂ ਕੇਸਾਂ ਦੀ ਜਾਂਚ ਕੀਤੀ ਗਈ ਤੇ ਪਾਇਆ ਗਿਆ ਕਿ ਜਸਵੀਰ ਸਿੰਘ ਦੀ ਜਾਤੀ ਪੱਛੜੀ ਸ਼੍ਰੇਣੀ ਹੈ ਪ੍ਰੰਤੂ ਉਹ ਬਾਹਰੋਂ ਆ ਕੇ ਇਥੋਂ ਦਾ ਵਸਨੀਕ ਬਣਿਆ ਹੈ। ਇਸ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹ ਪੰਜਾਬ ਵਿੱਚ ਪੱਛੜੀ ਸ਼੍ਰੇਣੀ ਦੇ ਸਰਟੀਫਿਕੇਟ ਦਾ ਲਾਭ ਨਹੀਂ ਲੈ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕੀ ਜਿੰਮ ‘ਚ ਭਾਰਤੀ ਵਿਦਿਆਰਥੀ ‘ਤੇ ਤੇ.ਜ਼ਧਾਰ ਹ.ਥਿਆ.ਰ ਨਾਲ ਹ.ਮਲਾ, ਇਲਾਜ ਦੌਰਾਨ ਹੋਈ ਮੌ.ਤ
ਮਿੱਠੂ ਰਾਮ, ਦੇ ਕੇਸ ਦੀ ਜਾਂਚ ਕਰਨ ਉਪਰੰਤ ਪਾਇਆ ਗਿਆ ਕਿ ਮਿੱਠੂ ਰਾਮ ਦੇ ਸਕੂਲ ਰਿਕਾਰਡ, ਕੁਰਸੀਨਾਮੇ ਅਤੇ ਨੰਬਰਦਾਰਾਂ ਦੇ ਬਿਆਨਾਂ ਅਨੁਸਾਰ ਰਾਜਪੂਤ ਜਾਤੀ ਨਾਲ ਸਬੰਧਤ ਹੈ ਪ੍ਰੰਤੂ ਉਸ ਨੇ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਇਆ ਹੈ।ਵਿਜੀਲੈਸ ਸੈੱਲ ਵੱਲੋਂ ਰਿਪੋਰਟ ਵਾਚਣ ਲਈ 22, 28 ਜੂਨ, 24 ਅਗਸਤ ਅਤੇ 1 ਸਤੰਬਰ ਨੂੰ ਮਿੱਠੂ ਰਾਮ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਪਰ ਉਹ ਹਾਜ਼ਰ ਨਹੀ ਹੋਇਆ ਤੇ ਹੁਣ ਸਰਕਾਰ ਵੱਲੋਂ ਉਸ ਦਾ ਜਾਅਲੀ ਸਰਟੀਫਿਕੇਟ ਰੱਦ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –