ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਕਤੂਬਰ 2023 ਦੇ ਮਹੀਨੇ ਦੌਰਾਨ 216 ਜੇਤੂਆਂ ਨੇ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਤਹਿਤ ‘ਮੇਰਾ ਬਿੱਲ ਐਪ’ ‘ਤੇ ਆਪਣੇ ਖਰੀਦ ਬਿੱਲਾਂ ਨੂੰ ਅਪਲੋਡ ਕਰਕੇ 12,43,005 ਰੁਪਏ ਦੇ ਇਨਾਮ ਜਿੱਤੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਠਿਤ ਕਮੇਟੀ ਵੱਲੋਂ ਇਸ ਯੋਜਨਾ ਤਹਿਤ ਆਨਲਾਈਨ ਲੱਕੀ ਡਰਾਅ ਕੱਢਿਆ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਨ੍ਹਾਂ ਜੇਤੂਆਂ ਵਿੱਚੋਂ ਟੈਕਸੇਸ਼ਨ ਜ਼ਿਲ੍ਹਾ ਲੁਧਿਆਣਾ ਤੋਂ ਸਭ ਤੋਂ ਵੱਧ 40 ਜੇਤੂਆਂ ਨੇ 2,36,815 ਰੁਪਏ ਦੇ ਇਨਾਮ ਜਿੱਤੇ, ਜਦਕਿ ਦੂਜੇ ਸਥਾਨ ‘ਤੇ ਟੈਕਸੇਸ਼ਨ ਜ਼ਿਲ੍ਹਾ ਜਲੰਧਰ ਦੇ 22 ਜੇਤੂਆਂ ਨੇ 1,34,550 ਰੁਪਏ ਦੇ ਇਨਾਮ ਜਿੱਤੇ।
ਇਸ ਤੋਂ ਇਲਾਵਾ 13 ਜੇਤੂ ਟੈਕਸੇਸ਼ਨ ਜ਼ਿਲੇ ਅੰਮ੍ਰਿਤਸਰ ਤੋਂ, 10 ਟੈਕਸੇਸ਼ਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੋਂ, 9-9 ਟੈਕਸੇਸ਼ਨ ਜ਼ਿਲਾ ਕਪੂਰਥਲਾ, ਮੋਗਾ, ਪਠਾਨਕੋਟ, ਰੂਪਨਗਰ ਅਤੇ ਤਰਨਤਾਰਨ ਤੋਂ, ਟੈਕਸੇਸ਼ਨ ਜ਼ਿਲ੍ਹਿਆਂ ਬਰਨਾਲਾ, ਮਾਨਸਾ, ਪਟਿਆਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ 8-8, ਬਠਿੰਡਾ, ਫਤਹਿਗੜ੍ਹ ਸਾਹਿਬ, ਫ਼ਿਰੋਜ਼ਪੁਰ ਅਤੇ ਹੁਸ਼ਿਆਰਪੁਰ ਟੈਕਸੇਸ਼ਨ ਜ਼ਿਲ੍ਹਿਆਂ ਵਿੱਚੋਂ 7-7, ਟੈਕਸੇਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ 6, ਅਤੇ 5-5 ਟੈਕਸੇਸ਼ਨ ਜ਼ਿਲ੍ਹਿਆਂ ਫਰੀਦਕੋਟ, ਫਾਜ਼ਿਲਕਾ, ਗੁਰਦਾਸਪੁਰ ਅਤੇ ਸੰਗਰੂਰ ਤੋਂ ਹਨ।
ਇਹ ਵੀ ਪੜ੍ਹੋ : ETT ਅਧਿਆਪਕ ਅਤੇ ਪੰਚ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਪੰਜਾਬ ਸਰਕਾਰ ਨੇ ਕੀਤਾ ਰੱਦ
ਸੂਬੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਕਿ ਉਹ ਹਰ ਵਸਤੂ ਅਤੇ ਸੇਵਾ ਦੀ ਖਰੀਦ ਦੇ ਬਿੱਲ ਪ੍ਰਾਪਤ ਕਰਨ ਅਤੇ ਇਸ ਸਕੀਮ ਵਿੱਚ ਹਰ ਮਹੀਨੇ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ 10,000 ਰੁਪਏ ਤੱਕ ਦਾ ਇਨਾਮ ਜਿੱਤਣ।
ਵੀਡੀਓ ਲਈ ਕਲਿੱਕ ਕਰੋ : –