ਪੰਜਾਬ ਵਿੱਚ ਧੁੰਦ ਦਾ ਕਹਿਰ ਸ਼ੁਰੂ ਹੋ ਗਿਆ ਹੈ। ਅੱਜ ਸ਼ਨੀਵਾਰ ਸਵੇਰੇ ਕੋਟਕਪੂਰਾ ‘ਚ ਜੈਤੋ ਰੋਡ ‘ਤੇ ਧੁੰਦ ਕਾਰਨ 6 ਵਾਹਨ ਆਪਸ ‘ਚ ਟਕਰਾ ਗਏ। ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋ ਗਏ ਅਤੇ ਵਾਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ।
ਜਾਣਕਾਰੀ ਮੁਤਾਬਕ ਕੋਟਕਪੂਰਾ ਦੇ ਜੈਤੋ ਰੋਡ ‘ਤੇ ਪਹਿਲਾਂ ਦੋ ਵਾਹਨ ਆਪਸ ‘ਚ ਟਕਰਾ ਗਏ, ਜਿਸ ਤੋਂ ਬਾਅਦ ਦੋ ਬੱਸਾਂ ਸਮੇਤ ਕੁਝ ਵਾਹਨ ਵੀ ਆ ਕੇ ਇਨ੍ਹਾਂ ਵਾਹਨਾਂ ਨਾਲ ਟਕਰਾ ਗਏ। ਇਸ ਹਾਦਸੇ ਕਾਰਨ ਵਾਹਨਾਂ ਵਿੱਚ ਸਵਾਰ ਕਈ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਇੱਕ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : NIFT ਬੈਂਗਲੁਰੂ ਨੇ ਸਕੂਲ ਆਫ ਐਮੀਨੈਂਸ ਲਈ ਤਿਆਰ ਕੀਤੀ ਡਰੈੱਸ, ਯੂਨੀਫਾਰਮ ਪਹਿਨ ਕੇ ਸਕੂਲ ਪਹੁੰਚੇ ਵਿਦਿਆਰਥੀ
ਬੱਸ ਚਾਲਕ ਬੇਅੰਤ ਸਿੰਘ ਨੇ ਦੱਸਿਆ ਕਿ ਟਾਟਾ ਐੱਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਤੋਂ ਇਲਾਵਾ ਦੋ ਟਰੈਕਟਰ ਟਰਾਲੀਆਂ ਸੜਕ ‘ਤੇ ਰਿਫਲੈਕਟਰ ਤੋਂ ਬਿਨਾਂ ਖੜ੍ਹੀਆਂ ਸਨ, ਜਿਸ ਕਾਰਨ ਉਨ੍ਹਾਂ ਦਾ ਧਿਆਨ ਨਹੀਂ ਗਿਆ। ਟਰੈਕਟਰ ਚਾਲਕ ਨੇ ਦੱਸਿਆ ਕਿ ਉਹ ਖੜ੍ਹਾ ਸੀ ਇਸੇ ਦੌਰਾਨ ਬੱਸ ਚਾਲਕ ਨੇ ਪਿੱਛੇ ਤੋਂ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ। ਕਿਸਾਨ ਨੱਥਾ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੱਸ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ।
ਜਾਂਚ ਅਧਿਕਾਰੀ ਐਸਆਈ ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ ਧੁੰਦ ਕਾਰਨ ਵਾਪਰੇ ਇਸ ਹਾਦਸੇ ਵਿੱਚ ਦੋ ਬੱਸਾਂ, ਇੱਕ ਟਾਟਾ ਏਸ ਗੱਡੀ, ਦੋ ਟਰੈਕਟਰ ਟਰਾਲੀਆਂ ਅਤੇ ਦੋ ਕੈਂਟਰ ਆਪਸ ਵਿੱਚ ਟਕਰਾ ਗਏ, ਜਿਸ ਵਿੱਚ ਕੁੱਝ ਲੋਕ ਜ਼ਖਮੀ ਹੋਏ ਹਨ ਜਿੰਨ੍ਹਾਂ ‘ਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –