ਗੁਰਦਾਸਪੁਰ ਪਿੰਡ ਸੁਚਾਨੀਆਂ ਦੇ ਰਹਿਣ ਵਾਲੇ 25 ਸਾਲਾ ਡਾ: ਅਮੋਲਦੀਪ ਸਿੰਘ ਦੀ ਬਠਿੰਡਾ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਪੰਜਾਬ ਪੁਲਿਸ ਦੇ ਏਡੀਜੀਪੀ ਗੁਰਵਿੰਦਰ ਸਿੰਘ ਦਾ ਭਾਣਜਾ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫਤਾਰ ਹੌਂਡਾ ਸਿਟੀ ਡਿਵਾਈਡਰ ਨਾਲ ਟਕਰਾ ਗਈ। ਜਿਸ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮਾਮਾ ਏ.ਡੀ.ਜੀ.ਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਮੋਲਦੀਪ ਸਿੰਘ ਬਹੁਤ ਹੀ ਮਿਲਣਸਾਰ ਅਤੇ ਹੋਣਹਾਰ ਮੁੰਡਾ ਸੀ। 8 ਸਾਲ ਤੱਕ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਜਨਤਾ ਦੀ ਸੇਵਾ ਲਈ ਕੁਝ ਹੀ ਦਿਨਾਂ ‘ਚ ਮੈਡੀਕਲ ਲਾਈਨ ‘ਚ ਭਰਤੀ ਹੋਣ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਚਾਰੋਂ ਦੋਸਤ ਇੱਕ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਉਹ ਬਠਿੰਡਾ ਮਾਲ ਰੋਡ ’ਤੇ ਪੁੱਜੇ ਤਾਂ ਕਾਰ ਸੜਕ ’ਤੇ ਡਿਵਾਈਡਰ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੀ ਡਰਾਈਵਰ ਸਾਈਡ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਡਰਾਈਵਰ ਸੀਟ ‘ਤੇ ਬੈਠੇ ਅਮੋਲਦੀਪ ਸਿੰਘ ਅਤੇ ਉਸ ਦੇ ਨਾਲ ਬੈਠੇ ਰਾਜਨ ਜੱਸਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ‘ਚ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਸੰਕੇਤ ਅਤੇ ਰਿਧਮ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾਇਆ ਗਿਆ, ਦਿੱਲੀ ਦੇ ਲੀਡਰ ਨੂੰ ਮਿਲੀ ਜ਼ਿੰਮੇਵਾਰੀ
ਹਾਦਸੇ ਵਿੱਚ ਅਮੋਲਦੀਪ ਸਿੰਘ ਅਤੇ ਉਸ ਦੇ ਇੱਕ ਦੋਸਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ‘ਚ ਸਵਾਰ ਹੋਰ ਦੋ ਦੋਸਤ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹੌਂਡਾ ਸਿਟੀ ਕਾਰ ਅਮੋਲਦੀਪ ਸਿੰਘ ਦੀ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਕਾਰਨ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਹੈ। ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਬਠਿੰਡਾ ਨਗਰ ਨਿਗਮ ਨੂੰ ਮਾਲ ਰੋਡ ’ਤੇ ਡਿਵਾਈਡਰ ਦੀ ਜਲਦੀ ਮੁਰੰਮਤ ਕਰਵਾਉਣ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ : –