ਪਤੰਜਲੀ ਵੱਲੋਂ ਗੁੰਮਰਾਹਕੁੰਨ ਇਸ਼ਤਿਹਾਰ ਦੇ ਮਾਮਲੇ ਵਿੱਚ ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਪ੍ਰਬੰਧ ਨਿਰਦੇਸ਼ਕ (ਐਮਡੀ) ਆਚਾਰੀਆ ਬਾਲਕ੍ਰਿਸ਼ਨ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਅਤੇ ਆਪਣੇ ਆਚਰਣ ਲਈ ਮੁਆਫੀ ਮੰਗੀ। ਹਾਲਾਂਕਿ, ਸਿਖਰਲੀ ਅਦਾਲਤ ਉਸ ਦੀ ਮੁਆਫੀ ਤੋਂ ਸੰਤੁਸ਼ਟ ਨਹੀਂ ਸੀ ਅਤੇ ਉਨ੍ਹਾਂ ਨੂੰ ਝਾੜ ਪਾਈ ਅਤੇ ਅਦਾਲਤ ਦੇ ਹੁਕਮਾਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ। ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ‘ਦੇਸ਼ ਦੀ ਸੇਵਾ ਕਰਨ ਦਾ ਬਹਾਨਾ ਨਾ ਬਣਾਓ। ਚਾਹੇ ਉਹ ਸੁਪਰੀਮ ਕੋਰਟ ਹੋਵੇ ਜਾਂ ਦੇਸ਼ ਦੀ ਕੋਈ ਹੋਰ ਅਦਾਲਤ, ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ।
ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲਾ ਦੀ ਦੋ ਮੈਂਬਰੀ ਬੈਂਚ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੇ ਖਿਲਾਫ ਅਦਾਲਤੀ ਮਾਣਹਾਨੀ ਦੇ ਮਾਮਲੇ ‘ਤੇ ਸੁਣਵਾਈ ਕੀਤੀ। ਦੋਵਾਂ ਦੀ ਤਰਫੋਂ ਪੇਸ਼ ਹੋਏ ਵਕੀਲ ਬਲਬੀਰ ਸਿੰਘ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਹਲਫਨਾਮਾ ਦਾਇਰ ਕੀਤਾ ਗਿਆ ਹੈ। ਇਸ ‘ਤੇ ਬੈਂਚ ਨੇ ਪੁੱਛਿਆ ਕਿ ਰਾਮਦੇਵ ਦਾ ਹਲਫਨਾਮਾ ਕਿੱਥੇ ਹੈ?
ਸੁਪਰੀਮ ਕੋਰਟ ਨੇ ਫਿਰ ਪੁੱਛਿਆ ਕਿ ਕੀ ਦੋਵੇਂ ਲੋਕ ਪੇਸ਼ ਹੋਏ ਹਨ। ਇਸ ‘ਤੇ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਦੋਵੇਂ ਵਿਅਕਤੀ ਅਦਾਲਤ ‘ਚ ਮੌਜੂਦ ਹਨ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਹਲਫ਼ਨਾਮੇ ਦਾਖ਼ਲ ਕਰਨੇ ਚਾਹੀਦੇ ਸਨ, ਪਰ ਸਿਰਫ਼ ਇੱਕ ਹੀ ਕੀਤਾ ਗਿਆ ਅਤੇ ਦੂਜਾ ਦਾਇਰ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਨੇ ਕਿਹਾ, ‘ਅਸੀਂ ਪਹਿਲਾਂ ਕੰਪਨੀ ਅਤੇ ਐਮਡੀ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ, ਜਦੋਂ ਜਵਾਬ ਦਾਖ਼ਲ ਨਹੀਂ ਕੀਤਾ ਗਿਆ ਤਾਂ ਮਾਣਹਾਨੀ ਨੋਟਿਸ ਜਾਰੀ ਕੀਤਾ।’
ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਅਤੇ ਸਵਾਮੀ ਬਾਲਕ੍ਰਿਸ਼ਨ ਦੇ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਅਦਾਲਤ ਨੇ ਕਿਹਾ, ‘ਅਦਾਲਤ ਦੇ ਹੁਕਮਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਤੁਹਾਡੇ ਵੱਲੋਂ ਭਰੋਸਾ ਦਿੱਤਾ ਗਿਆ ਅਤੇ ਫਿਰ ਇਸ ਦੀ ਉਲੰਘਣਾ ਕੀਤੀ ਗਈ। ਇਹ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਅਪਮਾਨ ਹੈ ਅਤੇ ਹੁਣ ਤੁਸੀਂ ਮੁਆਫੀ ਮੰਗ ਰਹੇ ਹੋ। ਇਹ ਸਾਨੂੰ ਮਨਜ਼ੂਰ ਨਹੀਂ ਹੈ।
ਅਦਾਲਤ ਨੇ ਕਿਹਾ, ‘ਤੁਹਾਡੀ ਮੁਆਫ਼ੀ ਕਾਫ਼ੀ ਨਹੀਂ ਹੈ। ਸੁਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਸੀ ਅਤੇ ਉੱਥੇ ਪਤੰਜਲੀ ਦੇ ਇਸ਼ਤਿਹਾਰ ਛਪ ਰਹੇ ਸਨ। ਤੁਹਾਡਾ ਮੀਡੀਆ ਵਿਭਾਗ ਤੁਹਾਡੇ ਤੋਂ ਵੱਖਰਾ ਨਹੀਂ ਹੈ, ਤੁਸੀਂ ਅਜਿਹਾ ਕਿਉਂ ਕੀਤਾ? ਤੁਹਾਨੂੰ ਨਵੰਬਰ ਵਿੱਚ ਚੇਤਾਵਨੀ ਦਿੱਤੀ ਗਈ ਸੀ, ਫਿਰ ਵੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ। 21 ਨਵੰਬਰ ਦੇ ਅਦਾਲਤੀ ਹੁਕਮਾਂ ਤੋਂ ਬਾਅਦ ਵੀ ਅਗਲੇ ਦਿਨ ਕੰਪਨੀ ਬਾਲਕ੍ਰਿਸ਼ਨ ਅਤੇ ਰਾਮਦੇਵ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।
ਸੁਪਰੀਮ ਕੋਰਟ ਨੇ ਕਿਹਾ, ‘ਰਾਮਦੇਵ ਨੇ ਅਦਾਲਤ ਦੇ ਹੁਕਮ ਦੇ 24 ਘੰਟਿਆਂ ਦੇ ਅੰਦਰ ਪ੍ਰੈਸ ਕਾਨਫਰੰਸ ਕੀਤੀ। ਇਸ਼ਤਿਹਾਰ ਵਿੱਚ ਤੁਸੀਂ ਇੱਕ ਪ੍ਰਮੋਟਰ ਦੇ ਰੂਪ ਵਿੱਚ ਦਿਖਾਈ ਦਿੰਦੇ ਹੋ। ਹੁਣ ਉਹ 2 ਮਹੀਨੇ ਬਾਅਦ ਅਦਾਲਤ ‘ਚ ਪੇਸ਼ ਹੋਏ ਹਨ।” ਇਸ ‘ਤੇ ਰਾਮਦੇਵ ਦੇ ਵਕੀਲ ਨੇ ਕਿਹਾ, ‘ਭਵਿੱਖ ‘ਚ ਅਜਿਹਾ ਨਹੀਂ ਹੋਵੇਗਾ। ਪਹਿਲਾਂ ਹੋਈ ਗਲਤੀ ਲਈ ਮੁਆਫੀ ਮੰਗਦੇ ਹਾਂ।” ਇਸ ਤੋਂ ਬਾਅਦ ਰਾਮਦੇਵ ਨੇ ਅਦਾਲਤ ਤੋਂ ਮੁਆਫੀ ਵੀ ਮੰਗੀ।
ਇਹ ਵੀ ਪੜ੍ਹੋ : ਮੈਰਿਜ ਪੈਲੇਸ ‘ਚ Model ਨਾਲ ਬਦਸਲੂਕੀ, ਪੁਲਿਸ ਮੁਲਾਜ਼ਮ ਸਣੇ 3 ਅਣਪਛਾਤਿਆਂ ਖਿਲਾਫ਼ ਹੋਇਆ ਪਰਚਾ
ਹਾਲਾਂਕਿ ਸੁਪਰੀਮ ਕੋਰਟ ਇਸ ਤੋਂ ਸੰਤੁਸ਼ਟ ਨਹੀਂ ਸੀ। ਅਦਾਲਤ ਨੇ ਕਿਹਾ, ‘ਚਾਹੇ ਉਹ ਸੁਪਰੀਮ ਕੋਰਟ ਹੋਵੇ ਜਾਂ ਦੇਸ਼ ਦੀ ਕੋਈ ਵੀ ਅਦਾਲਤ। ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਸੀਂ ਸ਼ਰਤੀਆ ਮੁਆਫੀ ਵੀ ਮੰਗ ਰਹੇ ਹੋ?” ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਮਾਣਹਾਨੀ ਦੀ ਕਾਰਵਾਈ ਕਰਾਂਗੇ। ਮੁਆਫ਼ੀ ਸਵੀਕਾਰ ਨਹੀਂ, ਤੁਸੀਂ ਕੀ ਕੀਤਾ ਹੈ, ਉਸ ਦਾ ਤੁਹਾਨੂੰਅੰਦਾਜ਼ਾ ਨਹੀਂ ਹੈ। ਇਸ ‘ਤੇ ਰਾਮਦੇਵ ਦੇ ਵਕੀਲ ਨੇ ਸੁਪਰੀਮ ਕੋਰਟ ਤੋਂ ਹੱਥ ਜੋੜ ਕੇ ਮੁਆਫੀ ਮੰਗੀ।
ਵੀਡੀਓ ਲਈ ਕਲਿੱਕ ਕਰੋ -: