ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੀਆਂ ਫਸਲਾਂ ਦੀ MSP ਤੈਅ ਕਰਨ ਲਈ ਵਿਗਿਆਨਕ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ ਤੇ ਜ਼ੋਰ ਦੇ ਕੇ ਕਿਹਾ ਕਿ ਝੋਨੇ ਦੀ MSP ਵਿਚ 117 ਰੁਪਏ ਦਾ ਨਿਗੂਣਾ ਵਾਧਾ ਕਰਨ ਸਮੇਂ ਕੇਂਦਰ ਸਰਕਾਰ ਵੱਲੋਂ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ ਮੁਤਾਬਕ ਲਾਗਤ ’ਤੇ 50 ਫੀਸਦੀ ਮੁਨਾਫੇ ਦਾ ਖਿਆਲ ਨਹੀਂ ਰੱਖਿਆ ਗਿਆ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਮੂੰਗੀ ਤੇ ਮੱਕੀ ਦੀ MSP ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਇਹਨਾਂ ਫਸਲਾਂ ਦੀ MSP ’ਤੇ ਖਰੀਦ ਵਾਸਤੇ ਕੋਈ ਯੰਤਰ ਵਿਧੀ ਤੈਅ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਨੂੰ ਪ੍ਰਾਈਵੇਟ ਖਿਡਾਰੀਆਂ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਇਹਨਾਂ ਫਸਲਾਂ ਦੀ MSP ’ਤੇ ਖਰੀਦ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੰਜਾਬ ਦੇ ਮਾਮਲੇ ਵਿਚ ਕਿਸਾਨਾਂ ਨੂੰ ਉਦੋਂ ਵੱਡਾ ਘਾਟਾ ਝੱਲਣਾ ਪਿਆ, ਜਦੋਂ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਅਪੀਲ ’ਤੇ ਵੱਡੀ ਪੱਧਰ ’ਤੇ ਮੂੰਗੀ ਬੀਜ ਲਈ ਸੀ ਪਰ ਇਸਦੀ MSP ਖਰੀਦ ਨਹੀਂ ਕੀਤੀ ਗਈ ਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ।
ਜਿਸ ਤਰੀਕੇ ਝੋਨੇ ਦੀ MSP ਵਿਚ ਵਾਧਾ ਕੀਤਾ ਗਿਆ ਹੈ, ਉਸ ਦੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ MSP ਗਿਣਨ ਸਮੇਂ ਜ਼ਮੀਨ ਦੀ ਕੀਮਤ, ਇਸ ਦੇ ਠੇਕੇ ਦੀ ਲਾਗਤ ਸਮੇਤ ਵਿਆਪਕ ਕੀਮਤ (ਸੀ-2) ਜਨਤਕ ਤੌਰ ’ਤੇ ਗਿਣੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕਿਸਾਨ ਸਹੀ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਸਹੀ ਸਤਿਕਾਰ ਨਹੀਂ ਕੀਤਾ ਜਾ ਰਿਹਾ ਹੈ ਤੇ ਜੇ ਇਹ ਸੀ-2 ਸਹੀ ਤਰੀਕੇ ਨਾ ਗਿਣੀ ਗਈ ਤਾਂ ਉਹਨਾਂ ਨੂੰ ਸੀ-2 ’ਤੇ 50 ਫੀਸਦੀ ਮੁਨਾਫੇ ਸਮੇਤ ਬਣਦੀ MSP ਦਾ ਲਾਭ ਨਹੀਂ ਮਿਲੇਗਾ। ਉਹਨਾਂ ਨੇ ਇਕ ਕਮੇਟੀ ਬਣਾਉਣ ਦੀ ਵਕਾਲ ਕੀਤੀ ਜੋ ਸੀ-2 ਦੇ ਨਾਲ 50 ਫੀਸਦੀ ਮੁਨਾਫਾ ਗਿਣ ਕੇ ਸਾਉਣੀ ਦੀਆਂ 14 ਫਸਲਾਂ ’ਤੇ ਆਈ ਲਾਗਤ ਮੁਤਾਬਕ MSP ਗਿਣੇ ਅਤੇ ਇਸ ਕਮੇਟੀ ਵਿਚ ਕਿਸਾਨ ਪ੍ਰਤੀਨਿਧ ਵੀ ਸ਼ਾਮਲ ਕੀਤੇ ਜਾਣ।
ਉਹਨਾਂ ਕਿਹਾ ਕਿ ਜੇ ਇਹ ਕਮੇਟੀ ਤੁਰੰਤ ਗਠਿਤ ਕੀਤੀ ਜਾਂਦੀ ਹੈ ਤੇ ਇਸ ਨੂੰ ਆਪਣੀਆਂ ਸਿਫਾਰਸ਼ਾਂ ਦੇਣ ਲਈ ਇਕ ਸਮਾਂ ਨਿਰਧਾਰਿਤ ਕੀਤਾ ਜਾਂਦਾ ਹੈ ਤਾਂ ਫਿਰ ਸਾਉਣੀ ਦੀਆਂ ਸਾਰੀਆਂ ਫਸਲਾਂ ’ਤੇ MSP ਸਹੀ ਤਰੀਕੇ ਤੈਅ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸਿਰਫਿਰੇ ਆਸ਼ਿਕ ਨੇ ਹੋਟਲ ਦੇ ਰੂਮ ‘ਚ ਪਹਿਲਾਂ ਕੁੜੀ ਨੂੰ ਕੁੱਟਿਆ, ਫਿਰ ਛੱਤ ਤੋਂ ਮਾਰੀ ਛਾਲ
ਜਿਣਸ ਦੀ ਪੈਦਾਵਾਰ ਦੀ ਲਾਗਤ ਸਹੀ ਤਰੀਕੇ ਗਿਣੇ ਜਾਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਅਜਿਹਾ ਨਹੀਂ ਕੀਤਾ ਜਾਂਦਾ ਖੇਤੀਬਾੜੀ ਸੈਕਟਰ ਆਰਥਿਕ ਸੰਕਟ ਵਿਚੋਂ ਨਹੀਂ ਨਿਕਲ ਸਕੇਗਾ ਤੇ ਪ੍ਰਧਾਨ ਮੰਤਰੀ ਵੱਲੋਂ ਇਸ ਸਾਲ ਦੇ ਅਖੀਰ ਤੱਕ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦਾ ਤੈਅ ਟੀਚਾ ਪੂਰਾ ਨਹੀਂ ਹੋ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: