ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਹਤ ਨਹੀਂ ਮਿਲੀ ਹੈ। ਸੀਬੀਆਈ ਨੇ ਸ਼ਰਾਬ ਘਪਲੇ ਮਾਮਲੇ ਵਿਚ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਬੀਆਈ ਨੇ ਕੇਜਰੀਵਾਲ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ ਕੇਜਰੀਵਾਲ ਨੂੰ 3 ਦਿਨ ਦੀ ਸੀਬੀਆਈ ਦੀ ਕਸਟੱਡੀ ਵਿਚ ਭੇਜ ਦਿੱਤਾ ਹੈ।
ਕੇਜਰੀਵਾਲ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਕਿਹਾ ਸੀ ਕਿ ਮੀਡੀਆ ਵਿਚ ਸੀਬੀਆਈ ਸੂਤਰਾਂ ਦੇ ਹਵਾਲੇ ਤੋਂ ਦਿਖਾਇਆ ਜਾ ਰਿਹਾ ਹੈ ਕਿ ਮੈਂ ਇਕ ਬਿਆਨ ਵਿਚ ਪੂਰਾ ਦੋਸ਼ ਮਨੀਸ਼ ਸਿਸੋਦੀਆ ‘ਤੇ ਪਾ ਦਿੱਤਾ ਹੈ, ਮੈਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ ਕਿ ਸਿਸੋਦੀਆ ਦੋਸ਼ੀ ਹੈ ਜਾਂ ਕੋਈ ਹੋਰ ਦੋਸ਼ੀ ਹੈ। ਮੈਂ ਕਿਹਾ ਹੈ ਕਿ ਸਿਸੋਦੀਆ ਨਿਰਦੋਸ਼ ਹੈ, ਆਮ ਆਦਮੀ ਪਾਰਟੀ ਨਿਰਦੋਸ਼ ਹੈ ਤੇ ਮੈਂ ਨਿਰਦੋਸ਼ ਹਾਂ।
ਕੇਜਰੀਵਾਲ ਨੇ ਕਿਹਾ ਕਿ ਸੀਬੀਆਈ ਦੀ ਯੋਜਨਾ ਸਾਨੂੰ ਬਦਨਾਮ ਕਰਨ ਦੀ ਹੈ। ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ ਸੀਬੀਆਈ ਇਸ ਮੁੱਦੇ ਨੂੰ ਸਨਸਨੀਖੇਜ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਪੱਸ਼ਟੀਕਰਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਉਦੇਸ਼ ਮਾਮਲੇ ਨੂੰ ਸਨਸਨੀਖੇਜ ਬਣਾਉਣਾ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਸੁਲਤਾਨਪੁਰ ਕੋਰਟ ‘ਚ ਪੇਸ਼ ਹੋਣ ਦੇ ਹੁਕਮ, ਮਾਨਹਾਨੀ ਕੇਸ ‘ਚ 2 ਜੁਲਾਈ ਨੂੰ ਕੀਤਾ ਤਲਬ
ਕੋਰਟ ਵਿਚ ਸੀਬੀਆਈ ਦੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਤੱਥਾਂ ਦੇ ਆਧਾਰ ‘ਤੇ ਬਹਿਸ ਕੀਤੀ ਸੀ ਤੇ ਕਿਸੇ ਵੀ ਏਜੰਸੀ ਦੇ ਸੂਤਰ ਨੇ ਕੁਝ ਨਹੀਂ ਕਿਹਾ ਸੀ। ਕੇਜਰੀਵਾਰ ਦੀ ਹਿਰਾਸਤ ਦੀ ਮੰਗ ਵਾਲੀ ਅਰਜ਼ੀ ਵਿਚ ਸੀਬੀਆਈ ਨੇ ਅਦਾਲਤ ਨੂੰ ਕਿਹਾ ਕਿ ਮਾਮਲੇ ਵਿਚ ਵੱਡੀ ਸਾਜਿਸ਼ ਦਾ ਪਤਾ ਲਗਾਉਣ ਲਈ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾਣੀ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ ਸਬੂਤਾਂ ਤੇ ਮਾਮਲੇ ਵਿਚ ਮੁਲਜ਼ਮ ਨੂੰ ਹੋਰਨਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਣਾ ਹੈ।