ਭਾਰਤ ਨੇ ਦੂਜੇ ਟੀ-20 ਮੈਚ ਵਿੱਚ ਜ਼ਿੰਬਾਬਵੇ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਹੈ। ਦੂਜਾ ਟੀ-20 ਮੈਚ 100 ਦੌੜਾਂ ਨਾਲ ਜਿੱਤ ਕੇ ਭਾਰਤ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਅਭਿਸ਼ੇਕ ਸ਼ਰਮਾ ਅਤੇ ਰਿਤੂਰਾਜ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਅਭਿਸ਼ੇਕ ਦੀਆਂ 100 ਅਤੇ ਰਿਤੂਰਾਜ ਦੀਆਂ 77 ਦੌੜਾਂ ਦੀ ਬਦੌਲਤ ਟੀਮ ਨੇ ਜ਼ਿੰਬਾਬਵੇ ਨੂੰ 235 ਦੌੜਾਂ ਦਾ ਟੀਚਾ ਦਿੱਤਾ। ਇਹ ਜ਼ਿੰਬਾਬਵੇ ਦੇ ਖਿਲਾਫ ਕਿਸੇ ਵੀ ਟੀਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਆਸਟ੍ਰੇਲੀਆ ਨੇ ਸਾਲ 2018 ‘ਚ ਜ਼ਿੰਬਾਬਵੇ ਖਿਲਾਫ ਖੇਡਦੇ ਹੋਏ 229 ਦੌੜਾਂ ਬਣਾਈਆਂ ਸਨ।
235 ਦੌੜਾਂ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਦੀ ਟੀਮ 134 ਦੌੜਾਂ ਹੀ ਬਣਾ ਸਕੀ। ਇਸ ਨਾਲ ਭਾਰਤ ਨੇ ਪਹਿਲੇ ਟੀ-20 ਵਿੱਚ ਮਿਲੀ ਹਾਰ ਦਾ ਬਦਲਾ ਲੈ ਲਿਆ। ਭਾਰਤ ਨੇ ਜ਼ਿੰਬਾਬਵੇ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ। 2022 ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਸਾਹਮਣਾ ਕਰਨ ਵਾਲੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤੀ ਗੇਂਦਬਾਜ਼ਾਂ ਵਿੱਚ ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ ਨੇ ਚੰਗੀ ਗੇਂਦਬਾਜ਼ੀ ਕੀਤੀ। ਦੋਵਾਂ ਗੇਂਦਬਾਜ਼ਾਂ ਨੇ 3-3 ਵਿਕਟਾਂ ਲਈਆਂ। ਰਵੀ ਬਿਸ਼ਨੋਈ ਨੂੰ 2 ਵਿਕਟਾਂ ਨਾਲ ਸੰਤੁਸ਼ਟ ਹੋਣਾ ਪਿਆ। ਅਭਿਸ਼ੇਕ ਸ਼ਰਮਾ ਜ਼ਿੰਬਾਬਵੇ ਖਿਲਾਫ ਸੈਂਕੜਾ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਸ ਨੇ ਸਿਰਫ 47 ਗੇਂਦਾਂ ‘ਚ 7 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਅਭਿਸ਼ੇਕ ਅਤੇ ਰਿਤੂਰਾਜ ਗਾਇਕਵਾੜ ਨੇ ਦੂਜੀ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਪਾਣੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਫਾ.ਇਰਿੰ.ਗ, ਗੋ.ਲੀਆਂ ਲੱਗਣ ਕਾਰਨ 4 ਲੋਕਾਂ ਦੀ ਮੌ.ਤ
ਰਿੰਕੂ ਸਿੰਘ ਨੇ ਵੀ ਤੂਫਾਨੀ ਪਾਰੀ ਖੇਡੀ। ਉਸ ਨੇ 22 ਗੇਂਦਾਂ ਦਾ ਸਾਹਮਣਾ ਕਰਦਿਆਂ 48 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸਲਾਮੀ ਬੱਲੇਬਾਜ਼ ਵੇਸਲੇ ਮਾਧਵੇਰੇ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਬਾਕੀ ਟੀਮ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈ। ਭਾਰਤ ਨੂੰ ਸ਼ਨੀਵਾਰ ਨੂੰ ਪਹਿਲੇ ਟੀ-20 ਮੈਚ ‘ਚ ਕਰਾਰੀ ਹਾਰ ਮਿਲੀ ਸੀ। ਟੀਮ ਨੇ ਜ਼ਿੰਬਾਬਵੇ ਤੋਂ ਇਸ ਦਾ ਬਦਲਾ ਲੈ ਲਿਆ। ਹੁਣ 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਦੋਵੇਂ ਟੀਮਾਂ 10 ਜੁਲਾਈ ਨੂੰ ਤੀਜੇ ਟੀ-20 ਮੈਚ ਲਈ ਆਹਮੋ-ਸਾਹਮਣੇ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -: