ਨਾਮੀ ਕਥਾਵਾਚਕ, ਵਿਸ਼ਵ ਹਿੰਦੂ ਤਖ਼ਤ ਦੇ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਸਵਾਮੀ ਵਿਕਾਸ ਦਾਸ ਮਹਾਰਾਜ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਉਨ੍ਹਾਂ ਨੂੰ ਖਾਟੂ ਸ਼ਿਆਮ ਆਸ਼ਰਮ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਗੱਡੀ ਉੱਤੇ ਰੱਖੇ ਕੱਟੇ ਹੋਏ ਮੁਰਗੇ ਦੇ ਥੱਲੇ ਇਕ ਚਿੱਠੀ ਰਾਹੀਂ ਮਿਲੀ। ਸੀਸੀਟੀਵੀ ਕੈਮਰੇ ‘ਚ ਆਸ਼ਰਮ ਦੇ ਬਾਹਰ ਸ਼ੱਕੀ ਖੜ੍ਹੇ ਦਿਖਾਈ ਦਿੱਤੇ ਹਨ। ਪੁਲਿਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰ ਕਰੀਬ ਸਾਢੇ ਤਿੰਨ ਵਜੇ ਮੁਬਾਰਕਪੁਰ ਰਾਮਗੜ੍ਹ ਰੋਡ ’ਤੇ ਸ਼ਿਵਜੋਤ ਕਲੋਨੀ ’ਚ ਸਥਿਤ ਖਾਟੂ ਸ਼ਿਆਮ ਆਸ਼ਰਮ ’ਚ ਚਿੱਟੇ ਰੰਗ ਦੀ ਸਵਿਫਟ ਕਾਰ ’ਚ ਦੋ ਨਕਾਬਪੋਸ਼ ਆਏ, ਜਿਨ੍ਹਾਂ ਦੇ ਹੱਥਾਂ ’ਚ ਹਥਿਆਰ ਸਨ ਤੇ ਆਸ਼ਰਮ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਇੱਧਰ-ਉੱਧਰ ਘੁੰਮਦੇ ਦਿਖਾਈ ਦੇ ਰਹੇ ਹਨ। ਆਸ਼ਰਮ ਦਾ ਦਰਵਾਜ਼ਾ ਬੰਦ ਹੋਣ ਕਾਰਨ ਉਹ ਬਾਹਰ ਖੜ੍ਹੀ ਇਨੋਵਾ ਕਾਰ ’ਤੇ ਕਾਲੇ ਰੰਗ ਦੇ ਲਿਫ਼ਾਫ਼ੇ ’ਚ ਪਾਇਆ ਕੱਟਿਆ ਹੋਇਆ ਮੁਰਗਾ ਤੇ ਧਮਕੀ ਭਰੀ ਚਿੱਠੀ ਰੱਖ ਕੇ ਫ਼ਰਾਰ ਹੋ ਗਏ।
ਉਨ੍ਹਾਂ ਨੇ ਪਿਛਲੇ ਦਿਨੀਂ ਲੁਧਿਆਣਾ ਵਿਖੇ ਹਿੰਦੂ ਆਗੂ ’ਤੇ ਹੋਏ ਹਮਲੇ ਦੀ ਨਿਖੇਧੀ ਸਬੰਧੀ ਆਪਣੇ ਫੇਸਬੁੱਕ ਅਕਾਊਂਟ ਤੋਂ ਇਕ ਬਿਆਨ ਸਾਂਝਾ ਕੀਤਾ ਸੀ, ਜਿਸ ਨੂੰ ਇਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਏ.ਐੱਸ.ਪੀ. ਵੈਭਵ ਚੌਧਰੀ, ਡੇਰਾਬੱਸੀ ਥਾਣਾ ਮੁਖੀ ਮਨਦੀਪ ਸਿੰਘ ਤੇ ਮੁਬਾਰਕਪੁਰ ਚੌਂਕੀ ਇੰਚਾਰਜ ਸਤਨਾਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਆਪਣੀ ਹੀ ਬੱਸ ਥੱਲੇ ਆਉਣ ਕਾਰਨ ਕੰਡਕਟਰ ਦੀ ਗਈ ਜਾ.ਨ, 2 ਸਾਲਾਂ ਧੀ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ
ਜਾਣਕਾਰੀ ਦਿੰਦਿਆਂ ਵਿਕਾਸ ਦਾਸ ਨੇ ਦੱਸਿਆ ਕਿ ਉਨ੍ਹਾਂ ਦੇ ਹਿਮਾਚਲ, ਹਰਿਆਣਾ ਤੇ ਪੰਜਾਬ ’ਚ ਆਸ਼ਰਮ ਹਨ। ਅੱਜ-ਕੱਲ੍ਹ ਉਹ ਸ਼ਿਵਜੋਤ ਕਲੋਨੀ ਵਿਖੇ ਸਥਿਤ ਖਾਟੂ ਸ਼ਿਆਮ ਆਸ਼ਰਮ ਵਿਖੇ ਰਹਿ ਰਹੇ ਹਨ। ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਸਵੇਰੇ ਕਰੀਬ 8 ਵਜੇ ਪਤਾ ਲੱਗਿਆ ਜਦੋਂ ਉਹ ਤਿਆਰ ਹੋ ਕੇ ਆਸ਼ਰਮ ਤੋਂ ਬਾਹਰ ਆਏ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ।
ਡੇਰਾਬਸੀ ਦੇ ASP ਵੈਭਵ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ”ਤੇ ਪਹੁੰਚ ਕੇ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਹੈ ਤੇ ਬਾਬਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ । ਹੁਣ ਤੱਕ ਦੀ ਜਾਂਚ ’ਚ ਪਤਾ ਲੱਗਿਆ ਹੈ ਕਿ ਧਮਕੀ ਭਰੀ ਚਿੱਠੀ ਛੱਡ ਕੇ ਜਾਣ ਵਾਲੇ ਦੋ ਨੌਜਵਾਨ ਸਵਿਫਟ ਕਾਰ ’ਚ ਪੰਚਕੂਲਾ ਵੱਲ ਹੀ ਫ਼ਰਾਰ ਹੋਏ ਹਨ। ਉਨ੍ਹਾਂ ਦਾ ਨੰਬਰ ਵੀ ਠੀਕ ਤਰ੍ਹਾਂ ਟਰੇਸ ਨਹੀਂ ਹੋ ਰਿਹਾ। ਆਸ਼ਰਮ ਦੇ ਮੁਖੀ ਨੂੰ ਪੰਜਾਬ ਪੁਲਸ ਦਾ ਇਕ ਸੁਰੱਖਿਆ ਮੁਲਾਜ਼ਮ ਦੇ ਦਿੱਤਾ ਗਿਆ ਹੈ ਤੇ ਮੁਬਾਰਕਪੁਰ ਪੁਲਸ ਦੀ ਗਸ਼ਤ ਰਾਮਗੜ੍ਹ ਰੋਡ ’ਤੇ ਵਧਾ ਦਿੱਤੀ ਹੈ। ਮੁਲਜ਼ਮ ਜਲਦ ਫੜੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: