ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ ‘ਗੋਲਡਨ ਸਟਾਰ’ ਮਲਕੀਤ ਸਿੰਘ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਗੁਰੂਘਰ ਵਿਖੇ ਸ਼ਰਧਾ ਸਹਿਤ ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਆ ਕੇ ਜੋ ਰੂਹਾਨੀ ਸ਼ਾਂਤੀ ਮਿਲਦੀ ਹੈ, ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਮਿਲ ਸਕਦੀ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ, ਤਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਭਰਦੇ ਹਨ।
ਗੱਲਬਾਤ ਦੌਰਾਨ ਮਲਕੀਤ ਸਿੰਘ ਨੇ ਵੀ.ਆਈ.ਪੀ. ਸੱਭਿਆਚਾਰ ਅਤੇ ਕਲਾਕਾਰਾਂ ਨੂੰ ਨਿਮਰਤਾ ਦਾ ਪੱਲਾ ਫੜਨ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਹਮੇਸ਼ਾ ਇੱਕ ਨਿਮਾਣੇ ਸਿੱਖ ਵਜੋਂ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ “ਮੈਂ ਕਈ ਵਾਰ ਦੇਖਦਾ ਹਾਂ ਕਿ ਲੋਕ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਕਾਲੀਆਂ ਐਨਕਾਂ ਲਗਾ ਕੇ ਘੁੰਮਦੇ ਹਨ, ਜੋ ਕਿ ਸਹੀ ਨਹੀਂ ਹੈ। ਇੱਥੇ ਝੁਕ ਕੇ ਆਉਣ ਵਾਲਾ ਹੀ ਕੁਝ ਪ੍ਰਾਪਤ ਕਰਦਾ ਹੈ।” ਉਨ੍ਹਾਂ ਦੱਸਿਆ ਕਿ ਉਹ ਕਦੇ ਵੀ ਗੁਰੂ ਘਰ ਵਿੱਚ ਬਾਊਂਸਰਾਂ ਜਾਂ ਸੁਰੱਖਿਆ ਕਰਮੀਆਂ ਦੇ ਘੇਰੇ ਵਿੱਚ ਆਉਣਾ ਪਸੰਦ ਨਹੀਂ ਕਰਦੇ।

ਪੰਜਾਬੀ ਸਿਨੇਮਾ ਅਤੇ ਸੰਗੀਤ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮਾਂ ਨੇ ਅੱਜ ਬਾਲੀਵੁੱਡ ਦੇ ਬਰਾਬਰ ਮਿਆਰ ਸਥਾਪਿਤ ਕਰ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਵਿਸਾਖੀ ਦੇ ਨੇੜੇ ਆਪਣੀ ਨਵੀਂ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ, ਜਿਸ ਦੀ ਸ਼ੂਟਿੰਗ ਲੰਡਨ, ਨਿਊਯਾਰਕ ਅਤੇ ਭਾਰਤ ਦੀਆਂ ਵੱਖ-ਵੱਖ ਲੋਕੇਸ਼ਨਾਂ ‘ਤੇ ਕੀਤੀ ਗਈ ਹੈ। ਉਨ੍ਹਾਂ ਫ਼ਿਲਮਸਾਜ਼ਾਂ ਨੂੰ ਅਪੀਲ ਕੀਤੀ ਕਿ ਉਹ ਇੱਕੋ ਜਿਹੀਆਂ ਕਹਾਣੀਆਂ ਦੀ ਬਜਾਏ ਨਵੇਂ ਅਤੇ ਵੱਖਰੇ ਵਿਸ਼ਿਆਂ ‘ਤੇ ਕੰਮ ਕਰਨ।
ਇਹ ਵੀ ਪੜ੍ਹੋ : ਜਹਾਜ਼ ਹਾਦਸੇ ‘ਚ ਅੰਮ੍ਰਿਤਸਰ ਦੇ ਪਾਇਲਟ ਦੀ ਮੌਤ, ਮਰੀਜ਼ ਨੂੰ ਰਾਂਚੀ ਤੋਂ ਦਿੱਲੀ ਲਿਜਾ ਰਹੀ ਸੀ ਏਅਰ ਐਂਬੂਲੈਂਸ
ਮਲਕੀਤ ਸਿੰਘ ਨੇ ਸਮੂਹ ਸੰਗਤਾਂ ਨੂੰ ਹੋਲੇ-ਮਹੱਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਆਪਣੇ ਵਿਦੇਸ਼ੀ ਸ਼ੋਅਜ਼ ਕਾਰਨ ਜਲਦੀ ਵਾਪਸ ਜਾਣਾ ਪੈ ਰਿਹਾ ਹੈ, ਪਰ ਉਨ੍ਹਾਂ ਦਾ ਦਿਲ ਹਮੇਸ਼ਾ ਪੰਜਾਬ ਦੀ ਧਰਤੀ ਅਤੇ ਵਿਰਸੇ ਨਾਲ ਜੁੜਿਆ ਰਹਿੰਦਾ ਹੈ। ਉਨ੍ਹਾਂ ਆਪਣੇ ਨਵੇਂ ਰਿਲੀਜ਼ ਹੋਏ ਗੀਤ ‘ਕੀ ਖਾਨੀ ਓ’ ਦਾ ਜ਼ਿਕਰ ਕਰਦਿਆਂ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਸਾਫ਼-ਸੁਥਰੀ ਗਾਇਕੀ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣ।
ਵੀਡੀਓ ਲਈ ਕਲਿੱਕ ਕਰੋ -:
























