ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥ ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥ ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥ ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥ ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥ ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥
ਹੇ ਭਾਈ! ਗੁਰੂ ਨੂੰ ਮਿਲ ਕੇ (ਹੀ) ਪਿਆਰਾ ਪ੍ਰਭੂ ਲੱਭਦਾ ਹੈ, (ਜਿਸ ਨੂੰ ਗੁਰੂ ਦੀ ਰਾਹੀਂ ਪ੍ਰਭੂ ਲੱਭ ਪੈਂਦਾ ਹੈ, ਉਹ) ਆਪਣਾ ਇਹ ਸਰੀਰ ਇਹ ਮਨ (ਗੁਰੂ ਦੇ) ਹਵਾਲੇ ਕਰਦਾ ਹੈ। ਜੇਹੜਾ ਮਨੁੱਖ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਨੂੰ ਜਿੱਤ ਲੈਂਦਾ ਹੈ, ਉਸ ਦੀ ਜਮਾਂ ਦੀ ਮੁਥਾਜੀ ਮੁੱਕ ਜਾਂਦੀ ਹੈ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ ਲੈ ਕੇ) ਪੀਂਦਾ ਹੈ, ਤੇ, ਅਡੋਲ-ਚਿੱਤ ਹੋ ਜਾਂਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਸ ਮਨੁੱਖ ਨੂੰ ਉਹ ਘਰ (ਪ੍ਰਭੂ ਦੇ ਚਰਨਾਂ ਵਿਚ ਟਿਕਾਣਾ) ਮਿਲ ਜਾਂਦਾ ਹੈ (ਜਿਸ ਦੀ ਬਰਕਤਿ ਨਾਲ) ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਪਰਮਾਤਮਾ ਦਾ ਨਾਮ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ। ਹੇ ਨਾਨਕ! ਆਖ-ਉਹ ਮਨੁੱਖ ਸੁਖ ਵਿਚ ਰਹਿ ਕੇ ਆਤਮਕ ਖ਼ੁਸ਼ੀਆਂ ਮਾਣਦਾ ਹੈ (ਇਹ ਸਾਰੀ ਬਰਕਤਿ ਗੁਰੂ ਦੀ ਹੀ ਹੈ) ਪੂਰੇ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ।੧।
Raag Wadahans, Fifth Mehl, Chhant, Fourth House: One Universal Creator God. By The Grace Of The True Guru: Meeting with the Guru, I have found my Beloved Lord God. I have made this body and mind a sacrifice, a sacrificial offering to my Lord. Dedicating my body and mind, I have crossed over the terrifying world-ocean, and shaken off the fear of death. Drinking in the Ambrosial Nectar, I have become immortal; my comings and goings have ceased. I have found that home, of celestial Samaadhi; the Name of the Lord is my only Support. Says Nanak, I enjoy peace and pleasure; I bow in reverence to the Perfect Guru. ||1||









