ਖੰਨਾ ਦੇ ਕਬਜਾ ਫੈਕਟਰੀ ਰੋਡ ਸਥਿਤ ਰਿਹਾਇਸ਼ੀ ਇਲਾਕੇ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸਵੇਰੇ ਇਕ ਪਲਾਸਟਿਕ ਫੈਕਟਰੀ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਉਠਦੀਆਂ ਦੇਖ ਆਸ-ਪਾਸ ਦੇ ਲੋਕ ਦਹਿਸ਼ਤ ਵਿਚ ਘਰਾਂ ਤੋਂ ਬਾਹਰ ਨਿਕਲ ਆਏ।
ਘਟਨਾ ਮਗਰੋਂ ਪੂਰੇ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਤੇ ਅੱਗ ਬੁਝਾਉਣ ਦੇ ਕੰਮ ਵਿਚ ਲੱਗ ਗਈਆਂ। ਕਾਫੀ ਦੇਰ ਦੀ ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ ਗਿਆ।

ਦੂਜੇ ਪਾਸੇ ਮੁਹੱਲਾ ਵਾਸੀ ਨੇ ਦੱਸਿਆ ਕਿ ਅੱਗ ਕਰਕੇ ਫੈਕਟਰੀ ਨੂੰ ਭਾਰੀ ਨੁਕਸਾਨ ਹੋਇਆ ਤੇ ਆਸ-ਪਾਸ ਸੰਘਣੀ ਆਬਾਦੀ ਹੋਣ ਕਾਰਨ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਸਥਾਨਕ ਵਾਸੀ ਅਵਤਾਰ ਮੋਰੀਆ ਨੇ ਦੋਸ਼ ਲਗਾਇਆ ਕਿ ਇਲਾਕੇ ਵਿਚ ਕਈ ਫੈਕਟਰੀਆਂ ਗੈਰ-ਕਾਨੂੰਨੀ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਹੱਲਾ ਵਾਸੀਆਂ ਨੇ ਇਸ ਸਬੰਧੀ ਕਈ ਵਾਰ ਨਗਰ ਕੌਂਸਲ ਨੂੰ ਸ਼ਿਕਾਇਤਾਂ ਦਿੱਤੀਆਂ ਪਰ ਕੋਈ ਠੋਸ ਕਾਰਵਾਈ ਨਹੀਂ ਹੋਈ।
ਫੈਕਟਰੀ ਦੇ ਮਾਲਕ ਸੰਜੇ ਨੇ ਦੋਸ਼ ਲਗਾਇਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਾਫੀ ਦੇਰ ਨਾਲ ਪੁਹੰਚੀਆਂ ਜਿਸ ਕਰਕੇ ਅੱਗ ‘ਤੇ ਕਾਬੂ ਪਾਉਣ ਵਿਚ ਦੇਰੀ ਹੋਈ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਫੈਕਟਰੀ ਚਲਾਉਣ ਲਈ ਉਨ੍ਹਾਂ ਕੋਲ ਸਾਰੇ ਜ਼ਰੂਰੀ NOC ਮੌਜੂਦ ਹਨ। ਫਾਇਰ ਅਧਿਕਾਰੀ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਟੈਲੀਫੋਨ ਜ਼ਰੀਏ ਸੂਚਨਾ ਮਿਲੀ ਸੀ ਕਿ ਕਬਜਾ ਫੈਕਟਰੀ ਰੋਡ ਸਥਿਤ ਇਕ ਫੈਕਟਰੀ ਵਿਚ ਅੱਗ ਲੱਗੀ ਹੈ। ਸੂਚਨਾ ਮਿਲਦੇ ਹੀ ਟੀਮ ਮੌਕੇ ‘ਤੇ ਪਹੁੰਚੀ ਤੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਸ ਮਾਮਲੇ ਵਿਚ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। ਫਿਲਹਾਲ ਘਟਨਾ ਮਗਰੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਤੇ ਪ੍ਰਸ਼ਾਸਨ ਜਾਂਚ ਵਿਚ ਜੁਟ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:











