ਸੱਤ ਰਾਜ ਸਭਾ ਸੰਸਦ ਮੈਂਬਰਾਂ ਦੇ ਬਾਗੀ ਹੋਣ ‘ਤੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਤੌਰ ‘ਤੇ ਮੋਰਚਾ ਸੰਭਾਲ ਲਿਆ ਹੈ।
ਪਾਰਟੀ ਨੇ ਅੱਜ ਇੱਕ ਅਹਿਮ ਮੀਟਿੰਗ ਬੁਲਾਈ ਹੈ, ਜਿਸ ਵਿੱਚ ਲਗਭਗ 1,000 ਬਲਾਕ ਆਬਜ਼ਰਬਰ, ਵਿਧਾਇਕ ਅਤੇ ਸੀਨੀਅਰ ਆਗੂ ਸ਼ਾਮਲ ਹੋਣਗੇ। ਪਾਰਟੀ ਦਾ ਧਿਆਨ ਵਿਧਾਇਕਾਂ ਨੂੰ ਇਕਜੁੱਟ ਰੱਖਣ, ਆਪਣੇ ਵਰਕਰਾਂ ਦਾ ਮਨੋਬਲ ਵਧਾਉਣ ਅਤੇ ਇਹ ਸੁਨੇਹਾ ਦੇਣ ‘ਤੇ ਹੋਵੇਗਾ ਕਿ ਪਾਰਟੀ ਮਜ਼ਬੂਤ ਹੈ।

ਸਾਂਸਦਾਂ ਦੀ ਬਗਾਵਤ ਮਗਰੋਂ ਹੁਣ ਪੰਜਾਬ ਵਿਚ ‘ਆਪ’ ਸੰਗਠਨ ਬਚਾਉਣ ਦੀ ਜ਼ਿਆਦਾ ਚਿੰਤਤ ਹੈ। ਇਸੇ ਲਈ ਮੁੱਖ ਮੰਤਰੀ ਮਾਨ ਨੇ ਪਾਰਟੀ ਨੂੰ ਖਿੰਡਣ ਤੋਂ ਰੋਕਣ ਲਈ ਇੱਕ ਵਿਆਪਕ ਰਣਨੀਤੀ ਤਿਆਰ ਕੀਤੀ ਹੈ। ਇਹ ਮੀਟਿੰਗ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ ਵਿਚ ਹੋਵੇਗੀ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕਾਨਫਰੰਸਿੰਗ ਰਾਹੀਂ ਜੁੜਨਗੇ।
ਸੰਸਦ ਮੈਂਬਰਾਂ ਦੀ ਬਗਾਵਤ ਤੋਂ ਬਾਅਦ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਨੂੰ ਪੰਜਾਬ ਵਿੱਚ ਸਥਿਤੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੋਵਾਂ ਆਗੂਆਂ ਨੂੰ ਸੰਗਠਨ ਨੂੰ ਮਜ਼ਬੂਤ ਕਰਨ, ਅਸੰਤੁਸ਼ਟ ਆਗੂਆਂ ਨਾਲ ਗੱਲਬਾਤ ਕਰਨ ਅਤੇ ਸਰਕਾਰ ਦੇ ਕੰਮ ਨੂੰ ਜਨਤਾ ਤੱਕ ਪਹੁੰਚਾਉਣ ਦਾ ਕੰਮ ਸੌਂਪਿਆ ਗਿਆ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਮੌਜੂਦਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਾਰਟੀ ਛੱਡਣ ਲਈ ਕਿਸੇ ਵੀ ਸਿਆਸੀ ਸੰਪਰਕ ਜਾਂ ਦਬਾਅ ਦੀ ਤੁਰੰਤ ਸੀਨੀਅਰ ਲੀਡਰਸ਼ਿਪ ਨੂੰ ਰਿਪੋਰਟ ਕਰਨ। ਕੁਝ ਮਾਮਲਿਆਂ ਵਿੱਚ ਉਨ੍ਹਾਂ ਨੂੰ ਗੱਲਬਾਤ ਦਾ ਰਿਕਾਰਡ ਰੱਖਣ ਦੀ ਸਲਾਹ ਵੀ ਦਿੱਤੀ ਗਈ ਹੈ।
ਦੱਸ ਦੇਈਏ ਕਿ ਹਾਲ ਹੀ ਵਿਚ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕੁਝ ਵੱਡਾ ਹੋਣ ਦਾ ਖਦਸ਼ਾ ਪ੍ਰਗਟ ਕੀਤਾ। ਉਸ ਵੇਲੇ ਇਹ ਇੱਕ ਆਮ ਬਿਆਨ ਮੰਨਿਆ ਜਾਂਦਾ ਸੀ, ਪਰ ਸੱਤ ਸੰਸਦ ਮੈਂਬਰਾਂ ਦੇ ਇੱਕੋ ਸਮੇਂ ਜਾਣ ਨਾਲ ਪਾਰਟੀ ਅੰਦਰ ਹਲਚਲ ਮਚ ਗਈ। ਹੁਣ, ‘ਆਪ’ ਨੂੰ ਪੰਜਾਬ ਵਿੱਚ ਦੋਹਰੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ: ਸਰਕਾਰ ਦੀ ਸਥਿਰਤਾ ਬਣਾਈ ਰੱਖਣਾ ਤੇ ਸੰਗਠਨ ਨੂੰ ਢਹਿਣ ਤੋਂ ਰੋਕਣਾ।
ਮੀਟਿੰਗ ਵਿਸ਼ੇਸ਼ ਤੌਰ ‘ਤੇ ਸਾਰੇ ਸੁਪਰਵਾਈਜ਼ਰਾਂ ਅਤੇ ਅਹੁਦੇਦਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ‘ਤੇ ਕੇਂਦ੍ਰਿਤ ਹੋਵੇਗੀ। ਪਾਰਟੀ ਸੰਗਠਨ ਦੇ ਅੰਦਰ ਕੋਈ ਨਾਰਾਜ਼ਗੀ ਨਹੀਂ ਚਾਹੁੰਦੀ, ਕਿਉਂਕਿ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਇਸ ਲਈ ਪਾਰਟੀ ਚੋਣਾਂ ਤੋਂ ਪਹਿਲਾਂ ਕਿਸੇ ਵੀ ਵਿਵਾਦ ਅਤੇ ਅਸਥਿਰਤਾ ਤੋਂ ਬਚਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ‘ਆਪ੍ਰੇਸ਼ਨ ਲੋਟਸ’ ਖਿਲਾਫ਼ ਨਿੰਦਾ ਮਤਾ ਲਿਆਵੇਗੀ ਪੰਜਾਬ ਸਰਕਾਰ! ਸੱਦਿਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ
ਇਸ ਤੋਂ ਪਹਿਲਾਂ, ਮੁੱਖ ਮੰਤਰੀ ਮਾਨ ਨੇ ਬਠਿੰਡਾ ਵਿੱਚ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਸੀ। ਮੀਟਿੰਗ ਦੌਰਾਨ, ਉਨ੍ਹਾਂ ਨੇ ਨਸ਼ਾ ਤਸਕਰੀ ਦੀ ਸ਼ਿਕਾਇਤ ‘ਤੇ ਕਾਰਵਾਈ ਨਾ ਹੋਣ ‘ਤੇ ਸਖ਼ਤ ਰੁਖ਼ ਅਪਣਾਇਆ ਅਤੇ ਕੋਟਸ਼ਮੀਰ ਪੁਲਿਸ ਚੌਕੀ ਦੇ ਪੂਰੇ ਸਟਾਫ ਨੂੰ ਬਦਲਣ ਦੇ ਹੁਕਮ ਦਿੱਤੇ। ਇਸ ਤੋਂ ਬਾਅਦ, ਡੀਆਈਜੀ ਦਫ਼ਤਰ ਨੇ ਅੱਠ ਪੰਜਾਬ ਪੁਲਿਸ ਅਤੇ ਤਿੰਨ ਪੰਜਾਬ ਹੋਮ ਗਾਰਡ ਕਰਮਚਾਰੀਆਂ ਸਮੇਤ ਕੁੱਲ 11 ਕਰਮਚਾਰੀਆਂ ਨੂੰ ਬਠਿੰਡਾ ਤੋਂ ਮਾਨਸਾ ਤਬਦੀਲ ਕਰ ਦਿੱਤਾ। ਇਨ੍ਹਾਂ ਵਿੱਚ ਦੋ ਮਹਿਲਾ ਪੁਲਿਸ ਅਧਿਕਾਰੀ ਸ਼ਾਮਲ ਹਨ।
ਆਪ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਇੱਕ ਨਿਯਮਤ ਸੰਗਠਨਾਤਮਕ ਮੀਟਿੰਗ ਹੈ, ਜਿਸ ਵਿੱਚ ਹਰ ਪੱਧਰ ‘ਤੇ ਸੰਗਠਨ ਦੀ ਸਥਿਤੀ, ਜ਼ਮੀਨੀ ਜਾਣਕਾਰੀ ਅਤੇ ਭਵਿੱਖ ਦੀ ਕਾਰਜ ਯੋਜਨਾ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:











