ਜ਼ਿਲ੍ਹਾ ਖੰਨਾ ਅਧੀਨ ਪੈਂਦੇ ਮਾਛੀਵਾੜਾ ਸਾਹਿਬ ਵਿਖੇ ਰਤੀਪੁਰ ਰੋਡ ‘ਤੇ ਇੱਕ ਕਾਲੋਨੀ ਵਿਚ ਨੌਜਵਾਨਾਂ ਵਿਚਕਾਰ ਖੂਨੀ ਜੰਗ ਹੋਈ ਜਿਸ ਵਿਚ ਇੱਕ ਨੌਜਵਾਨ ਗਗਨਦੀਪ ਸਿੰਘ ਉਰਫ਼ ਬਿੱਲਾ (30) ਵਾਸੀ ਹੇਡੋਂ ਬੇਟ ਦੀ ਮੌਤ ਹੋ ਗਈ, ਜਦਕਿ ਦੂਸਰਾ ਮਨੀ ਵਾਸੀ ਲੱਖੋਵਾਲ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨਾਂ ਦੇ ਦੋ ਧਿਰਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਰੰਜਿਸ਼ਬਾਜੀ ਚੱਲ ਰਹੀ ਸੀ। ਇੱਕ ਫੋਨ ਤੋਂ ਪ੍ਰਾਪਤ ਰਿਕਾਰਡਿੰਗ ਮੁਤਾਬਕ ਦੋਵਾਂ ਧਿਰਾਂ ਨੇ ਇੱਕ-ਦੂਜੇ ਨੂੰ ਫੋਨ ਕਰਕੇ ਪਹਿਲਾਂ ਲੱਖੋਵਾਲ ਦਾਣਾ ਮੰਡੀ ਵਿਖੇ ਬੁਲਾਇਆ ਅਤੇ ਫਿਰ ਇਹ ਰਤੀਪੁਰ ਰੋਡ ‘ਤੇ ਸਥਿਤ ਇੱਕ ਕਾਲੋਨੀ ਵਿਚ ਇਕੱਠੇ ਹੋ ਗਏ।

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ 30 ਤੋਂ ਵੱਧ ਨੌਜਵਾਨਾਂ ਦੇ ਇੱਕ ਧੜੇ ਨੇ ਦੂਜੇ ਧੜੇ ਦੇ ਨੌਜਵਾਨਾਂ ਉੱਪਰ ਗੰਡਾਸਿਆਂ, ਕਿਰਪਾਨਾਂ ਅਤੇ ਹੋਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਇਸ ਝਗੜੇ ਵਿਚ ਜਖ਼ਮੀ ਹੋਏ ਗਗਨਦੀਪ ਸਿੰਘ ਵਾਸੀ ਹੇਡੋਂ ਬੇਟ ਅਤੇ ਮਨੀ ਵਾਸੀ ਲੱਖੋਵਾਲ ਨੂੰ ਸਮਰਾਲਾ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਇੱਥੇ ਇਲਾਜ ਦੌਰਾਨ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ, ਜਦਕਿ ਮਨੀ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਲੁਧਿਆਣਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਲੜਾਈ ਵਿਚ ਇੱਕ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਨੇ ਕੁਝ ਦਿਨ ਪਹਿਲਾਂ ਪਿੰਡ ਵਿਚ ਨਸ਼ਾ ਵੇਚਣ ਵਾਲੇ ਕੁਝ ਲੋਕਾਂ ਨੂੰ ਰੋਕਿਆ ਸੀ ਅਤੇ ਪੁਲਿਸ ਹਵਾਲੇ ਕੀਤਾ ਸੀ। ਇਸ ਤੋਂ ਬਾਅਦ ਇਹ ਚਿੱਟੇ ਦਾ ਨਸ਼ਾ ਵੇਚਣ ਵਾਲੇ ਉਸ ਨਾਲ ਰੰਜਿਸ਼ ਰੱਖਦੇ ਸਨ ਜਿਸ ਕਾਰਨ ਉਨ੍ਹਾਂ ਨੇ ਹਮਲਾ ਕਰਕੇ ਕਤਲ ਕਰ ਦਿੱਤਾ। ਮ੍ਰਿਤਕ ਦੇ ਪਿਤਾ ਸੁਰਿੰਦਰ ਸਿੰਘ ਮੁਤਾਬਕ ਚਿੱਟਾ ਵੇਚਣ ਅਤੇ ਉਸ ਦਾ ਕਤਲ ਕਰਨ ਵਾਲਿਆਂ ਖਿਲਾਫ਼ ਜਿਸ ਵਿਚ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਵੀ ਸ਼ਾਮਲ ਹਨ, ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਇਹ ਵੀ ਪੜ੍ਹੋ : ਪੰਜ ਦਿਨਾਂ ਲਈ ਪੰਜਾਬ ‘ਚ ਮੀਂਹ ਤੇ ਤੇਜ਼ ਹਵਾਵਾਂ ਦਾ Yellow Alert ਜਾਰੀ, ਡਿੱਗੇਗਾ ਪਾਰਾ
ਪਿੰਡ ਹੇਡੋਂ ਬੇਟ ਦਾ ਰਹਿਣ ਵਾਲਾ ਗਗਨਦੀਪ ਸਿੰਘ ਜਿਸ ਨੇ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਸ਼ੰਭੂ ਬਾਰਡਰ ‘ਤੇ ਕਈ ਦਿਨ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ ਕਿਸਾਨੀ ਹਿੱਤਾਂ ਲਈ ਡਟਿਆ ਰਿਹਾ, ਦੇ ਦੋਸਤਾਂ ਨੇ ਦੱਸਿਆ ਕਿ ਉਹ ਹੋਰ ਵੀ ਸਮਾਜ ਸੇਵੀ ਕਾਰਜਾਂ ਵਿਚ ਵੱਧ ਚੜ੍ਹ ਕੇ ਸ਼ਿਰਕਤ ਕਰਦਾ ਸੀ। ਮ੍ਰਿਤਕ ਨੌਜਵਾਨ ਗਗਨਦੀਪ ਸਿੰਘ ਅਜੇ ਕੁਆਰਾ ਸੀ ਅਤੇ ਉਸ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।
ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਉਸਦਾ ਲੜਕਾ ਜਿੱਥੇ ਨਸ਼ਾ ਵੇਚਣ ਵਾਲਿਆਂ ਦਾ ਡੱਟ ਕੇ ਵਿਰੋਧ ਕਰਦਾ ਸੀ ਉੱਥੇ ਲੋਕ ਹਿੱਤਾਂ ਵਾਲੇ ਹਰੇਕ ਸੰਘਰਸ਼ ਵਿਚ ਮੋਹਰੀ ਹੁੰਦਾ ਸੀ। ਉਸ ਨੇ ਦੋਸ਼ ਲਗਾਇਆ ਕਿ ਉਸਦੇ ਲੜਕੇ ਨੂੰ ਵਿਦੇਸ਼ ਤੋਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਆਉਂਦੀਆਂ ਸਨ ਤੇ ਅੱਜ ਉਸਦਾ ਕਤਲ ਕਰ ਦਿੱਤਾ ਗਿਆ ਅਤੇ ਚਿੱਟੇ ਖਿਲਾਫ਼ ਉੱਠਣ ਵਾਲੀ ਅਵਾਜ਼ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:











