ਗਰਮੀ ਦੇ ਮੌਸਮ ਵਿਚ ਠੰਡਕ ਲਈ ਲੋਕ ਅਕਸਰ ਨਾਰੀਅਲ ਪਾਣੀ ਜਾਂ ਗੰਨੇ ਦੇ ਜੂਸ ਦਾ ਸਹਾਰਾ ਲੈਂਦੇ ਹਨ ਪਰ ਦੋਵੇਂ ਦਾ ਅਸਰ ਹਰ ਵਿਅਕਤੀ ‘ਤੇ ਇਕੋ ਜਿਹਾ ਨਹੀਂ ਹੁੰਦਾ। ਕਦੇ ਸਰੀਰ ਨੂੰ ਤੁਰੰਤ ਊਰਜਾ ਦੀ ਲੋੜ ਹੁੰਦੀ ਹੈ ਤੇ ਕਦੇ ਸਿਰਫ ਪਾਣੀ ਦੀ ਕਮੀ ਪੂਰੀ ਕਰਨੀ ਹੁੰਦੀ ਹੈ। ਅਜਿਹੇ ਵਿਚ ਸਹੀ ਬਦਲ ਸੋਚ-ਸਮਝ ਕੇ ਕਰਨਾ ਜ਼ਰੂਰੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਹੀ ਸਮੇਂ, ਸਹੀ ਮਾਤਰਾ ਤੇ ਸਰੀਰ ਦੀ ਲੋੜ ਨੂੰ ਸਮਝ ਕੇ ਹੀ ਇਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ ਨਹੀਂ ਤਾਂ ਰਾਹਤ ਦੇਣ ਵਾਲੀ ਚੀਜ਼ ਕਦੇ-ਕਦੇ ਪ੍ਰੇਸ਼ਾਨੀ ਵੀ ਵਧਾ ਸਕਦੀ ਹੈ।
ਡਾ. ਸੁਨੀਤਾ ਚੌਧਰੀ ਮੁਤਾਬਕ ਨਾਰੀਅਲ ਪਾਣੀ ਤੇ ਗੰਨੇ ਦਾ ਜੂਸ ਦੋਵੇਂ ਹੀ ਫਾਇਦੇਮੰਦ ਹਨ ਪਰ ਇਨ੍ਹਾਂ ਨੂੰ ਸਰੀਰ ਦੀ ਲੋੜ ਦੇ ਹਿਸਾਬ ਨਾਲ ਲੈਣਾ ਚਾਹੀਦਾ ਹੈ। ਨਾਰੀਅਲ ਪਾਣੀ ਵਿਚ ਪੌਟਾਸ਼ੀਅਮ ਤੇ ਸੋਡੀਅਮ ਵਰਗੇ ਇਲੈਕਟ੍ਰੋਲਾਈਟਸ ਪਾਏ ਜਾਂਦੇ ਹਨ ਜੋ ਸਰੀਰ ਵਿਚ ਪਾਣੀ ਦੀ ਕਮੀ ਯਾਨੀ ਡਿਹਾਈਡ੍ਰੇਸ਼ਨ ਨੂੰ ਜਲਦੀ ਦੂਰ ਕਰਦੇ ਹਨ। ਖਾਸ ਕਰਕੇ ਲੂ ਲੱਗਣ ਜਾਂ ਵਾਰ-ਵਾਰ ਪਿਆਸ ਲੱਗਣ ਦੀ ਸਥਿਤੀ ਵਿਚ ਨਾਰੀਅਲ ਪਾਣੀ ਜ਼ਿਆਦਾ ਅਸਰਦਾਰ ਹੈ।
ਗੰਨੇ ਦੇ ਜੂਸ ਦੇ ਫਾਇਦੇ
ਗੰਨੇ ਦਾ ਜੂਸ ਸਰੀਰ ਨੂੰ ਤੁਰੰਤ ਊਰਜਾ ਦੇਣ ਵਿਚ ਮਦਦ ਕਰਦਾ ਹੈ। ਜੇਕਰ ਕਿਸੇ ਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਜਾਂ ਸ਼ੂਗਰ ਲੈਵਲ ਘੱਟ ਲੱਗ ਰਿਹਾ ਹੋਵੇ ਤਾਂ ਗੰਨੇ ਦਾ ਜੂਸ ਚੰਗਾ ਬਦਲ ਹੋ ਸਕਦਾ ਹੈ। ਹਾਲਾਂਕਿ ਇਸ ਨੂੰ ਪੀਂਦੇ ਸਮੇਂ ਸਾਫ-ਸਫਾਈ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ।
ਡਾਕਟਰਾਂ ਮੁਤਾਬਕ ਡਾਇਬਟੀਜ਼ ਦੇ ਮਰੀਜ਼ਾਂ ਨੂੰ ਗੰਨੇ ਦਾ ਜੂਸ ਪੀਣ ਤੋਂ ਬਚਣਾ ਚਾਹੀਦਾ ਹੈ ਅਤੇ ਉਨ੍ਹਾਂ ਲਈ ਨਾਰੀਅਲ ਪਾਣੀ ਜ਼ਿਆਦਾ ਸੁਰੱਖਿਅਤ ਬਦਲ ਹੈ। ਦੂਜੇ ਪਾਸੇ ਜਿਹੜੇ ਲੋਕਾਂ ਨੂੰ ਵਾਰ-ਵਾਰ ਡਿਹਾਈਡ੍ਰੇਸ਼ਨ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਵੀ ਨਾਰੀਅਲ ਪਾਣੀ ਬੇਹਤਰ ਮੰਨਿਆ ਜਾਂਦਾ ਹੈ।
ਡਾ. ਚੌਧਰੀ ਦਾ ਕਹਿਣਾ ਹੈ ਕਿ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰਨੀ ਚਾਹੀਦੀ ਹੈ। ਇਸ ਦੇ ਬਾਅਦ ਸਵੇਰੇ 11 ਵਜੇ ਦੇ ਕਰੀਬ ਨਾਰੀਅਲ ਪਾਣੀ ਜਾਂ ਗੰਨੇ ਦਾ ਜੂਸ ਵਿਆ ਜਾ ਸਕਦਾ ਹੈ। ਇਕ ਵਾਰ ਵਿਚ ਲਗਭਗ 200 ਮਿਲੀਲੀਟਰ ਯਾਨੀ ਇਕ ਗਿਲਾਸ ਕਾਫੀ ਹੁੰਦਾ ਹੈ। ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਤਾਂ ਕਿ ਸਰੀਰ ‘ਤੇ ਇਸ ਦਾ ਗਲਤ ਪ੍ਰਭਾਵ ਨਾ ਪਵੇ।
ਵੀਡੀਓ ਲਈ ਕਲਿੱਕ ਕਰੋ -:











