ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਅੱਜ ਐਸਜੀਪੀਸੀ ਦਫ਼ਤਰ ਤੋਂ ਖਾਲਸਾਈ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਕੀਤਾ ਗਿਆ। ਇਸ ਮੌਕੇ ਐਸਜੀਪੀਸੀ ਵੱਲੋਂ ਜੱਥੇ ਵਿੱਚ ਸ਼ਾਮਲ ਸ਼ਰਧਾਲੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਐਸਜੀਪੀਸੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਨੇ ਦੱਸਿਆ ਕਿ ਇਹ ਜੱਥਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਪਾਕਿਸਤਾਨ ਜਾ ਰਿਹਾ ਹੈ, ਜਿੱਥੇ ਸ਼ਰਧਾਲੂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ 18 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਕੀਤੀ ਜਾਵੇਗੀ। ਸ਼ਹੀਦੀ ਸਮਾਗਮਾਂ ਲਈ ਇਸ ਤਰ੍ਹਾਂ ਦਾ ਜੱਥਾ ਕਰੀਬ 14 ਸਾਲਾਂ ਬਾਅਦ ਪਾਕਿਸਤਾਨ ਜਾ ਰਿਹਾ ਹੈ।
ਭੁਪਿੰਦਰ ਸਿੰਘ ਭਲਵਾਨ ਨੇ ਐਸਜੀਪੀਸੀ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮਾਂ ਦੀਆਂ ਤਰੀਕਾਂ ਸਬੰਧੀ ਆਪਸੀ ਸਹਿਮਤੀ ਬਣਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਸੰਗਤ ਸ਼ਹੀਦੀ ਅਸਥਾਨ ‘ਤੇ ਹਾਜ਼ਰੀ ਭਰ ਸਕੇ। ਉਨ੍ਹਾਂ ਕਿਹਾ ਕਿ ਹਰ ਸਿੱਖ ਦੇ ਮਨ ਵਿੱਚ ਪਾਕਿਸਤਾਨ ਸਥਿਤ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦੀ ਤੀਬਰ ਇੱਛਾ ਹੁੰਦੀ ਹੈ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਵੀਜ਼ੇ ਜਾਰੀ ਕੀਤੇ ਜਾਣ।
ਇਹ ਵੀ ਪੜ੍ਹੋ : ਜਲੰਧਰ : ਗੱਡੀ ਦੇ ਡੀਜ਼ਲ ਟੈਂਕ ਨੂੰ ਵੈਲਡਿੰਗ ਕਰਦੇ ਸਮੇਂ ਹੋਇਆ ਧ.ਮਾ/ਕਾ, ਵੈਲਡਰ ਦੀ ਹੋਈ ਮੌ/ਤ; ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ
ਉਨ੍ਹਾਂ ਦੱਸਿਆ ਕਿ ਇਸ ਜੱਥੇ ਵਿੱਚ 541 ਸ਼ਰਧਾਲੂ ਸ਼ਾਮਲ ਹਨ, ਜਦਕਿ ਕੁਝ ਅਰਜ਼ੀਆਂ ਮਨਜ਼ੂਰ ਨਹੀਂ ਹੋ ਸਕੀਆਂ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵੀਜ਼ਾ ਜਾਰੀ ਕਰਨ ਸਮੇਂ ਸਿਰਫ਼ ਨਾਵਾਂ ਨਾਲ “ਸਿੰਘ” ਜਾਂ “ਕੌਰ” ਲੱਗੇ ਹੋਣ ਦੀ ਸ਼ਰਤ ਨੂੰ ਆਧਾਰ ਨਾ ਬਣਾਇਆ ਜਾਵੇ। ਇਸ ਦੌਰਾਨ ਜੱਥੇ ਵਿੱਚ ਸ਼ਾਮਲ ਸ਼ਰਧਾਲੂਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜੱਥਾ 19 ਜੂਨ ਨੂੰ ਭਾਰਤ ਵਾਪਸ ਪਰਤੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










